ਪੰਜਾਬੀ ਸਿਨੇਮੇ ਦੇ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ ਓਨਾ ਹੀ ਪੁਰਾਣਾ ਹੈ ਜਿੰਨ੍ਹਾਂ ਹਿੰਦੀ ਸਿਨੇਮਾ । ਪਰ ਫਿਰ ਵੀ
ਪੰਜਾਬੀ ਸਿਨੇਮਾ ਓਨੀ ਤਰੱਕੀ ਨਹੀ ਕਰ ਪਾਇਆ ਜਿੰਨੀ ਤਰੱਕੀ ਹਿੰਦੀ ਸਿਨੇਮਾ ਅਤੇ ਭਾਰਤ ਦੇ ਬਾਕੀ ਖੇਤਰੀ ਸਿਨੇਮੇ ਨੇ ਕੀਤੀ ।ਇਸ ਦੇ ਕਈ
ਕਾਰਨ ਹਨ ਜਿੰਨ੍ਹਾਂ ਕਰਕੇ ਪੰਜਾਬੀ ਸਿਨੇਮਾ ਆਜ਼ਾਦੀ ਤੋਂ ਬਾਅਦ ਵੀ ਡਾਵਾਂ ਡੋਲ ਹੀ ਰਿਹਾ ।ਸੱਭ ਤੋਂ ਵੱਡਾ ਕਾਰਣ ਸੀ ਪੰਜਾਬ ਦੀ ਵੰਡ।ਵੰਡ ਤੋਂ
ਬਾਅਦ ਪੰਜਾਬੀਆਂ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਲਾਹੌਰ ਨੂੰ ਵੀ ਸੱਭ ਤੋਂ ਵੱਧ ਨੁਕਸਾਨ ਝੱਲਨਾ ਪਿਆ।ਕਈ ਖੂਬਸੂਰਤ ਸਟੂਡੀਓ
ਅੱਗ ਦੀ ਭੇਟ ਚੜ੍ਹ ਗਏ।ਸਾਰੇ ਹਿੰਦੂ ਸਿੱਖ ਫ਼ਿਲਮੀ ਕਲਾਕਾਰਾਂ ਅਤੇ ਸਟੂਡੀਓ ਮਾਲਕਾਂ ਨੂੰ ਲਾਹੌਰ ਛੱਡ ਕੇ ਭਾਰਤ ਆਉਣਾ ਪਿਆ।ਜਿਸ ਨਾਲ
ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ। ਇੱਕ ਤਰ੍ਹਾਂ ਨਾਲ ਪੰਜਾਬੀਆਂ ਵਾਗੂ ਪੰਜਾਬੀ ਫ਼ਿਲਮ ਇੰਡਸਟਰੀ ਵੀ ਘਰੋ ਬੇਘਰ ਹੋ ਗਈ ਤੇ
ਮੁੜਕੇ ਉਸ ਨੂੰ ਕਦੇ ਆਪਣਾ ਘਰ ਨਸੀਬ ਨਾ ਹੋਇਆ।
ਪਾਕਿਸਤਾਨ ਬਨਣ ਤੋਂ ਬਾਅਦ ਲਾਹੌਰ ਤੋਂ ਹਿਜ਼ਰਤ ਕਰ ਕੇ ਜੋ ਫ਼ਿਲਮੀ ਹਸਤੀਆਂ ਭਾਰਤ ਆਈਆਂ ਉਹਨਾਂ ਦੀਆਂ ਅਣਥੱਕ
ਕੋਸ਼ਿਸ਼ਾਂ ਦੇ ਸਦਕੇ ਪੰਜਾਬੀ ਫ਼ਿਲਮ ਇੰਡਸਟਰੀ ਫਿਰ ਤੋਂ ਹੌਲੀ ਹੌਲੀ ਆਪਣੇ ਪੈਰਾਂ ਸਿਰ ਖੜੀ ਹੋਣ ਲੱਗੀ। ਚੜ੍ਹਦੇ ਪੰਜਾਬ ਤੋਂ ਹਜ਼ਾਰਾ ਮੀਲ ਦੂਰ
ਬੰਬਈ ਫ਼ਿਲਮ ਇੰਡਸਟਰੀ ਵਿੱਚ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਦਾ ਵੀ ਨਿਰਮਾਣ ਹੋਣ ਲੱਗਾ। ਮਿੱਠੀ ਪੰਜਾਬੀ ਜ਼ੁਬਾਨ ਵਿੱਚ
ਖੂਬਸੂਰਤ ਕਹਾਣੀਆਂ ਅਤੇ ਗੀਤਾਂ ਨਾਲ ਸਜੀਆਂ ਇੱਕ ਤੋਂ ਬਾਅਦ ਇੱਕ ਪਰ ਗਿਣਤੀ ਪੱਖੋਂ ਬਹੁਤ ਥੋੜੀਆਂ ਪੰਜਾਬੀ ਫ਼ਿਲਮਾਂ ਸਿਨੇ ਪਰਦੇ ਦੀ
ਜ਼ੀਨਤ ਬਣਨ ਲੱਗੀਆਂ ।ਪੰਜਾਹਵੇ ਅਤੇ ਸੱਠਵੇ ਦਹਾਕੇ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਨੇ ਕਈ ਪੰਜਾਬੀ ਫ਼ਿਲਮਾਂ ਜਿੰਨ੍ਹਾਂ ਦੀਆਂ ਖੂਬਸੂਰਤ
ਕਹਾਣੀਆਂ ਅਤੇ ਮਧੁਰ ਗੀਤਾਂ ਨੂੰ ਓਸ ਜ਼ਮਾਨੇ ਵਿੱਚ ਬੇਹੱਦ ਪਸੰਦ ਕੀਤਾ ਗਿਆ ਪੰਜਾਬੀ ਸਿਨੇਮੇ ਦੀ ਝੋਲੀ ਪਾਈਆਂ।ਪੰਜਾਬੀ ਲੋਕ
ਦਾਸਤਾਨਾ,ਕਿੱਸੇ ਕਹਾਣੀਆਂ ਨੂੰ ਫ਼ਿਲਮੀ ਪਰਦੇ ਤੇ ਲਿਆਉਣ ਦੇ ਨਾਲ ਨਾਲ ਪੰਜਾਬ ਦੀ ਵੰਡ ਦੇ ਦੁਖਾਂਤ ਤੇ ਵੀ ਪੰਜਾਬੀ ਫ਼ਿਲਮਾਂ ਬਣਾਈਆਂ
ਜਾਣ ਲੱਗੀਆਂ ।ਵੰਡ ਦੇ ਦੁਖਾਂਤ ਤੇ ਬਣੀ ਇੱਕ ਐਸੀ ਫ਼ਿਲਮ ਜਿਸ ਦੀ ਕਹਾਣੀ ,ਗੀਤ,ਅਦਾਕਾਰੀ ਨੇ ਉਸ ਨੂੰ ਸਦਾਬਹਾਰ ਖੂਬਸੂਰਤ ਫ਼ਿਲਮਾਂ ਦੀ
ਫ਼ੈਅਰਿਸਤ ਵਿੱਚ ਲਿਆ ਖੜਾ ਕੀਤਾ ਅਤੇ ਨਾਲ ਹੀ ਉਸਨੂੰ ਪਹਿਲੀ ਰਾਸ਼ਟਰੀ ਅਵਾਰਡ ਜਿੱਤਣ ਵਾਲੀ ਫ਼ਿਲਮ ਬਨਣ ਦਾ ਏਜਾਜ਼ ਵੀ ਹਾਸਿਲ
ਹੋਇਆ ਉਹ ਫ਼ਿਲਮ ਸੀ ਚੌਧਰੀ ਕਰਨੈਲ ਸਿੰਘ । ਇਸ ਫ਼ਿਲਮ ਵਿੱਚ 47 ਤੋਂ ਪਹਿਲਾਂ ਦੇ ਪੰਜਾਬ ਦੇ ਹਾਲਾਤਾਂ ਨੂੰ ਅਤੇ 47 ਦੇ ਦੌਰਾਨ ਵੰਡ ਵੇਲੇ
ਪੰਜਾਬ ਦੇ ਖੂਨੀ ਹਾਲਾਤਾਂ ਨੂੰ ਬੇਹੱਦ ਸੂਖਮਤਾ ਨਾਲ ਪੇਸ਼ ਕੀਤਾ ਗਿਆ ਸੀ।ਹਿੰਦੂ,ਸਿੱਖ ਅਤੇ ਮੁਸਲਮਾਨ ਕੌਮਾਂ ਦੇ ਆਪਸੀ ਪਿਆਰ,ਭਾਈਚਾਰਕ
ਸਾਂਝ ਨੂੰ ਬੇਹੱਦ ਕਲਾਤਮਕ ਅਤੇ ਭਾਵਨਾਤਮਕ ਤਰੀਕੇ ਨਾਲ ਪੇਸ਼ ਕਰਦੀ ਇਸ ਫ਼ਿਲਮ ਨੂੰ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਸੰਨ 1962 ਵਿੱਚ ਸਟਾਰ ਆਫ਼ ਇੰਡੀਆ ਪਿਕਚਰਸ,ਬੰਬੇ ਦੇ ਬੈਨਰ ਹੇਠ ਬਨਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਸਨ ਕ੍ਰਿਸ਼ਨ ਕੁਮਾਰ
ਅਤੇ ਉਹਨਾਂ ਹੀ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਦਿੱਤਾ ਸੀ।ਸੰਗੀਤਕਾਰ ਹਰਬੰਸ ਜੀ ਦੀਆਂ ਬਣਾਈਆਂ ਖੂਬਸੂਰਤ ਧੁਨਾਂ ਨਾਲ ਸ਼ਿਗਾਰੀ ਇਸ
ਫ਼ਿਲਮ ਵਿੱਚ 8 ਗੀਤ ਸ਼ਾਮਿਲ ਕੀਤੇ ਗਏ ਸਨ ਜਿਨ੍ਹਾਂ ਨੂੰ ਲਿਖਿਆ ਸੀ ਬੇਕਲ ਅੰਮ੍ਰਿਤਸਰੀ ਨੇ ਅਤੇ ਇਹਨਾਂ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ
ਮੁਹੰਮਦ ਰਫ਼ੀ,ਆਸ਼ਾ ਭੌਸਲੇ,ਊਸ਼ਾ ਮੰਗੇਸ਼ਕਰ,ਸੁਰਿੰਦਰ ਕੋਹਲੀ ,ਮੀਨੂੰ ਪ੍ਰਸ਼ੋਤਮ,ਸੁਮਨ ਕਲਿਆਣਪੁਰੀ ਅਤੇ ਐੱਸ ਬਲਬੀਰ ਨੇ।
ਫਿਲਮ ਵਿੱਚ ਚੌਧਰੀ ਕਰਨੈਲ ਸਿੰਘ ਦੀ ਮੁੱਖ ਭੂਮਿਕਾ ਅਦਾ ਕੀਤੀ ਸੀ ਅਦਾਕਾਰ ਜਗਦੀਸ਼ ਸੇਠੀ ਨੇ ਅਤੇ ਫ਼ਿਲਮ ਦੇ ਨਾਇਕ ਸ਼ੇਰੇ
ਦੀ ਭੂਮਿਕਾ ਵਿੱਚ ਨਜ਼ਰ ਆਏ ਸਨ ਅਦਾਕਾਰ ਪ੍ਰੇਮ ਚੋਪੜਾ ।
ਬਤੌਰ ਫ਼ਿਲਮੀ ਅਦਾਕਾਰ ਪ੍ਰੇਮ ਚੋਪੜਾ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਇਸ
ਫ਼ਿਲਮ ਦੇ ਜ਼ਰੀਏ ਹੀ ਉਹਨਾਂ ਦੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਹੋਈ ਸੀ । ਇਸ ਫ਼ਿਲਮ ਤੋਂ ਬਾਅਦ ਪ੍ਰੇਮ ਚੋਪੜਾ ਬੌਲੀਵੁੱਡ ਦੀਆਂ ਹਿੰਦੀ ਫ਼ਿਲਮਾਂ
ਵਿੱਚ ਚੋਟੀ ਦੇ ਖਲਨਾਇਕ ਵਜੋਂ ਮਸ਼ਹੂਰ ਹੋਏ ਸਨ । ਫ਼ਿਲਮ ਵਿੱਚ ਨਾਇਕਾ ਨਾਜੀ ਦਾ ਕਿਰਦਾਰ ਅਦਾ ਕੀਤਾ ਸੀ ਮਸ਼ਹੂਰ ਅਦਾਕਾਰਾ ਜਬੀਨ ਨੇ
ਅਤੇ ਖਲਨਾਇਕ ਵਜੋਂ ਮਸ਼ਹੂਰ ਅਦਾਕਾਰ ਮਦਨ ਪੁਰੀ ਨੇ ਚੌਧਰੀ ਕਰਨੈਲ ਸਿੰਘ ਦੇ ਪੁੱਤਰ ਬੂਟਾ ਸਿੰਘ ਦਾ ਕਿਰਦਾਰ ਅਦਾ ਕੀਤਾ ਸੀ।ਫ਼ਿਲਮ ਦੇ
ਸਹਾਇਕ ਅਦਾਕਾਰਾ ਵਿੱਚ ਅਦਾਕਾਰ ਸੁੰਦਰ (ਸ਼ੇਰੇ ਦਾ ਦੋਸ਼ਤ ਫੱਤੂ) , ਕ੍ਰਿਸ਼ਨਾ ਕੁਮਾਰੀ(ਨਾਜੀ ਦੀ ਸਹੇਲੀ ਲਾਜੋ),ਵਿਮਲਾ (ਫੱਤੂ ਦੀ ਮੰਗੇਤਰ
ਜਮਾਲੋ),ਬੇਲਾ ਬੋਸ (ਮੁਜ਼ਰੇ ਵਾਲੀ),ਰਾਜਨਾਥ(ਨਾਜੀ ਦਾ ਬਾਪ ਫਜ਼ਲਦੀਨ) ਅਤੇ ਸ਼੍ਰੀ ਰਾਮ(ਲਾਜੋ ਦਾ ਮਾਮਾ ਮੂਲ ਚੰਦ) ਪ੍ਰਮੁੱਖ ਸਨ।
ਪਿਆਰ ਅਤੇ ਸਦਭਾਵਨਾ ਨੂੰ ਸਮਰਪਿਤ ਇਸ ਫ਼ਿਲਮ ਦੀ ਕਹਾਣੀ 1947 ਦੇ ਵੇਲੇ ਦੀ ਹੈ । ਫ਼ਿਲਮ ਦੀ ਸ਼ੁਰੂਆਤ ਪੰਜਾਬ ਦੇ ਇੱਕ ਐਸੇ
ਪਿੰਡ ਤੋਂ ਹੁੰਦੀ ਹੈ ਜਿੱਥੋਂ ਦੇ ਵਸਨੀਕ ਹਿੰਦੂ,ਮੁਸਲਿਮ ਅਤੇ ਸਿੱਖ ਆਪਸ ਵਿੱਚ ਰਲਮਿਲ ਕੇ ਅਤੇ ਪਿਆਰ ਨਾਲ ਰਹਿੰਦੇ ਹਨ ,ਉਹ ਸੁੱਖ ਦੁੱਖ ਵਿੱਚ
ਇੱਕ ਦੂਜੇ ਦਾ ਸਾਥ ਦੇਣ ਵਾਲੇ ਅਤੇ ਮੇਲੇ,ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣ ਦੇ ਹਾਮੀ ਹਨ।ਪਿੰਡ ਦਾ ਚੌਧਰੀ ਕਰਨੈਲ ਸਿੰਘ ਇੱਕ ਬਹੁਤ ਹੀ
ਨੇਕਦਿੱਲ ਅਤੇ ਅਣਖੀ ਬੰਦਾ ਹੈ ਜਿਸ ਦੀ ਪਿੰਡ ਵਿੱਚ ਸਾਰੇ ਬਹੁਤ ਇੱਜ਼ਤ ਕਰਦੇ ਹਨ। ਫ਼ਿਲਮ ਦੇ ਪਹਿਲੇ ਦ੍ਰਿਸ਼ ਵਿੱਚ ਚੌਧਰੀ ਕਰਨੈਲ ਸਿੰਘ ਨੂੰ ਵਿਖਾਇਆ ਗਿਆ ਹੈ ਜੋ ਸ਼ੇਰੇ ਦੇ ਘਰ ਵੱਲ ਨੂੰ ਜਾ ਰਿਹਾ ਹੁੰਦਾ।ਉਹ ਸ਼ੇਰੇ ਬਾਰੇ ਪਤਾ ਕਰਨ ਜਾਂਦਾ ਕਿ ਉਹ ਘਰ ਆ ਗਿਆ ਕਿ ਨਹੀ। ਸ਼ੇਰਾ ਫੌਜ਼ਵਿੱਚੋਂ ਛੁੱਟੀ ਕੱਟਣ ਘਰ ਆ ਰਿਹਾ ਹੁੰਦਾ ਜਿਸ ਨੂੰ ਸਟੇਸ਼ਨ ਤੇ ਉਸ ਦੇ ਦੋਸ਼ਤ ਫੱਤੂ ਅਤੇ ਟਾਂਗੇ ਵਾਲਾ ਮਾਮਾ ਲੈਣ ਗਏ ਹੁੰਦੇ। ਕਹਾਣੀ ਅੱਗੇ ਵੱਧਦੀ
ਹੈ,ਅਗਲੇ ਦ੍ਰਿਸ਼ ਵਿੱਚ ਫ਼ਿਲਮ ਦੀ ਨਾਇਕਾ ਨਾਜੀ ਆਪਣੀਆਂ ਸਹੇਲੀਆ ਲਾਜੋ,ਜਮਾਲੋ ਨਾਲ ਖੇਤਾਂ ਵਿੱਚ ਗੀਤ ਜਿਸ ਦੇ ਬੋਲ ਹਨ ਹਾਣੀਆ ਆ
ਜਾ ਆ ਕੇ ਮੁੜ ਨਾ ਜਾਣ ਬਹਾਰਾਂ ਗਾ ਰਹੀ ਹੁੰਦੀ ਜਿਥੇ ਉਸ ਦੀ ਮੁਲਾਕਾਤ ਸ਼ੇਰੇ ਨਾਲ ਹੁੰਦੀ।
ਫ਼ਿਲਮ ਵਿੱਚ ਦੋ ਪ੍ਰੇਮ ਕਹਾਣੀਆਂ ਦਿਖਾਈਆਂ ਗਈਆਂ ਹਨ ਇੱਕ ਫ਼ਿਲਮ ਦੇ ਨਾਇਕ ਸ਼ੇਰੇ ਅਤੇ ਨਾਇਕਾ ਨਾਜੀ ਵਿਚਕਾਰ ਅਤੇ
ਦੂਸਰੀ ਮਜਾਹੀਆਂ ਫੱਤੂ ਅਤੇ ਜਮਾਲੋ ਵਿਚਕਾਰ । ਸ਼ੇਰਾ ਨਾਜੀ ਨੂੰ ਪਸੰਦ ਕਰਦਾ ਹੈ ਤੇ ਉਸ ਨਾਲ ਵਿਆਹ ਕਰਵਾਉਂਣਾ ਚਾਹੁੰਦਾ ਹੈ ਜਿਸ ਲਈ
ਉਹ ਆਪਣੀ ਮਾਂ ਨੂੰ ਨਾਜੀ ਦੇ ਬਾਪ ਨਾਲ ਗੱਲ ਕਰਨ ਲਈ ਕਈ ਵਾਰ ਉਹਨਾਂ ਦੇ ਘਰੇ ਭੇਜਦਾ ਹੈ ਪਰ ਨਾਜੀ ਦਾ ਪਿਓ ਇੱਕ ਫ਼ੌਜੀ ਨਾਲ
ਆਪਣੀ ਧੀ ਵਿਆਹੁਣ ਦੇ ਹੱਕ ਵਿੱਚ ਨਹੀ ਹੁੰਦਾ, ਉਹ ਨਾਜੀ ਦਾ ਰਿਸ਼ਤਾ ਨਾਜੀ ਦੇ ਨਾਨਕਿਆ ਤੋਂ ਉਸ ਦੇ ਮਾਮੇ ਦੇ ਕਿਸੇ ਸਕਿਆ ਵਿੱਚੋਂ ਮੁੰਡੇ
ਨਾਲ ਪੱਕਾ ਕਰ ਚੁੱਕਾ ਹੁੰਦਾ ।ਜਦੋ ਸ਼ੇਰੇ ਤੇ ਨਾਜੀ ਨੂੰ ਇਸ ਦਾ ਪਤਾ ਲੱਗਦਾ ਤਾਂ ਦੋਵੇ ਬਹੁਤ ਦੁਖੀ ਹੁੰਦੇ । ਪਰ ਨਾਜੀ ਦੀ ਸਹੇਲੀ ਲਾਜੋ ਦੇ ਮਾਮੇ
ਮੂਲਚੰਦ ਅਤੇ ਚੌਧਰੀ ਕਰਨੈਲ ਸਿੰਘ ਦੇ ਜ਼ੋਰ ਦੇਣ ਤੇ, ਨਾਜੀ ਦਾ ਬਾਪ ਫ਼ਜ਼ਲਦੀਨ ਨਾਜ਼ੀ ਦਾ ਵਿਆਹ ਸ਼ੇਰੇ ਨਾਲ ਕਰਨ ਲਈ ਰਾਜ਼ੀ ਹੋ ਜਾਂਦਾ ।
ਸ਼ੇਰੇ ਤੇ ਨਾਜੀ ਦੇ ਵਿਆਹ ਵਿੱਚ ਚੌਧਰੀ ਕਰਨੈਲ ਸਿੰਘ ਦਾ ਵਿਗੜਿਆ ਮੁੰਡਾ ਬੂਟਾ ਸਿੰਘ ਅੜਚਣਾਂ ਡਾਹੁਦਾ,ਇਸ ਦਾ ਕਾਰਣ ਇਹ
ਹੁੰਦਾ ਕਿ ਬੂਟਾ ਸ਼ੇਰੇ ਤੋਂ ਆਪਣੀ ਬੇਇੱਜਤੀ ਦਾ ਬਦਲਾ ਲੈਣਾ ਚਾਹੁੰਦਾ । ਗੱਲ ਇੰਝ ਹੁੰਦੀ ਕਿ ਬੂਟਾ ਨਾਜੀ ਦੀ ਸਹੇਲੀ ਲਾਜੋ ਤੇ ਮੈਲੀ ਅੱਖ
ਰੱਖਦਾ ਤੇ ਉਸ ਨੂੰ ਆਪਣੇ ਯਾਰ ਦਾਰੇ ਦੀ ਮਦਦ ਨਾਲ ਇੱਕ ਰਾਤ ਅਗਵਾ ਕਰਕੇ ਲੈ ਜਾਂਦਾ, ਪਰ ਜਦੋਂ ਲਾਜੋ ਦਾ ਮਾਮਾ ਰੌਲਾ ਪਾਉਂਦਾ ਤਾਂ ਸ਼ੇਰਾ
ਉਹਨਾਂ ਦਾ ਪਿੱਛਾ ਕਰਕੇ ਲਾਜੋ ਨੂੰ ਛੁਡਾ ਲਿਆਉਂਦਾ ਤੇ ਨਾਲ ਹੀ ਪਿੰਡ ਦੀ ਪਰੇ ਵਿੱਚ ਬੂਟੇ ਅਤੇ ਉਸਦੇ ਯਾਰ ਦਾਰੇ ਨੂੰ ਸਜ਼ਾ ਵੀ ਦਿਵਾਉਂਦਾ
,ਜਿਸ ਕਰਕੇ ਬੂਟਾ ਸ਼ੇਰੇ ਨਾਲ ਦੁਸ਼ਮਣੀ ਰੱਖਣ ਲੱਗ ਪੈਂਦਾ । ਉਹ ਹਰ ਵੇਲੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਕਿ ਕਦੋਂ ਉਹ ਸ਼ੇਰੇ ਕੋਲੋ ਆਪਣੀ
ਬੇਇੱਜ਼ਤੀ ਦਾ ਬਦਲਾ ਲਵੇ ਪਰ ਉਹ ਆਪਣੇ ਮਾੜੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋ ਪਾਉਂਦਾ।
ਚੌਧਰੀ ਕਰਨੈਲ ਸਿੰਘ ਦੇ ਕਹਿਣ ਤੇ ਨਾਜੀ ਤੇ ਸ਼ੇਰੇ ਦਾ ਵਿਆਹ ਪੱਕਾ ਕਰ ਦਿੱਤਾ ਜਾਂਦਾ ।ਘਰ ਵਿੱਚ ਸ਼ੇਰੇ ਤੇ ਨਾਜੀ ਦੇ ਵਿਆਹ ਦੀਆਂ
ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਜਾਂਦੀਆਂ ।ਸ਼ੇਰਾ ਤੇ ਫੱਤੂ ਆਪਣੇ ਵਿਆਹ ਲਈ ਵਰੀ ਤੇ ਗਹਿਣੇ ਬਣਾਉਣ ਸ਼ਹਿਰ ਨੂੰ ਜਾਂਦੇ ਜਿੱਥੇ ਉਹ ਬੜੀ
ਰੀਝ ਨਾਲ ਗਹਿਣੇ ਤੇ ਕਪੜੇ ਖ੍ਰੀਦ ਰਹੇ ਹੁੰਦੇ। ਅਜੇ ਉਹ ਖ੍ਰੀਦਾਰੀ ਕਰ ਹੀ ਰਹੇ ਹੁੰਦੇ ਕਿ ਚਾਰੇ ਪਾਸੇ ਰੌਲਾ ਪੈ ਜਾਂਦਾ ਕਿ ਸ਼ਹਿਰ ਵਿੱਚ ਦੰਗੇ ਭੜਕ
ਗਏ ਹਨ । ਫ਼ਿਰਕੂ ਭੀੜਾਂ ਘਰਾਂ ਅਤੇ ਦੁਕਾਨਾਂ ਦੀ ਲੁੱਟਮਾਰ ਕਰ ਰਹੀਆਂ ਹੁੰਦੀਆਂ ਤੇ ਨਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਕਤਲ ਵੀ ਕਰ ਰਹੀਆਂ
ਹੁੰਦੀਆਂ।ਸ਼ਹਿਰ ਦੇ ਸਾਰੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਨੱਸ ਜਾਂਦੇ ਤੇ ਉਹ ਸ਼ੇਰੇ ਤੇ ਫੱਤੂ ਨੂੰ ਵੀ ਕਹਿੰਦੇ ਕਿ ਉਹ ਵੀ ਜਾਨ ਬਚਾ ਕੇ ਆਪਣੇ ਘਰ
ਵਾਪਿਸ ਚਲੇ ਜਾਣ ।ਸ਼ੇਰਾ ਤੇ ਫੱਤੂ ਪਿੰਡ ਵਾਪਿਸ ਆ ਜਾਂਦੇ ਹਨ ।
ਦੇਸ਼ ਦੀ ਵੰਡ ਹੋ ਜਾਂਦੀ,ਪੰਜਾਬ ਦੇ ਦੋ ਟੁੱਕੜੇ ਕਰ ਦਿੱਤੇ ਜਾਂਦੇ ,ਚੜ੍ਹਦਾ ਪੰਜਾਬ ਭਾਰਤ ਵਿੱਚ ਤੇ ਲਹਿੰਦਾ ਪੰਜਾਬ
ਪਾਕਿਸਤਾਨ ਵਿੱਚ ਆ ਜਾਂਦਾ। ਵੰਡ ਦਾ ਪਤਾ ਲੱਗਦਿਆ ਹੀ ਦੰਗੇ ਭੜਕ ਜਾਂਦੇ ਹਨ ,ਹਰ ਪਾਸੇ ਕੋਹਰਾਮ ਮੱਚ ਜਾਂਦਾ । ਮੁਸਲਮਾਨ
ਆਪਣੇ ਨਵੇ ਬਣੇ ਮੁਲਕ ਪਾਕਿਸਤਾਨ ਵੱਲ ਜਾ ਰਹੇ ਹੁੰਦੇ ਅਤੇ ਸਿੱਖ ਤੇ ਹਿੰਦੂ ਭਾਰਤ ਵੱਲ।ਚੌਧਰੀ ਕਰਨੈਲ ਸਿੰਘ ਹੋਰਾਂ ਦਾ ਪਿੰਡ
ਚੜ੍ਹਦੇ ਪੰਜਾਬ ਵੱਲ ਆ ਜਾਂਦਾ।ਚੌਧਰੀ ਨੂੰ ਆਪਣੇ ਪਿੰਡ ਵਾਲਿਆ ਤੇ ਭਰੋਸਾ ਹੁੰਦਾ ਕਿ ਉਹ ਪਿੰਡ ਵਿੱਚ ਵਸਦੇ ਮੁਸਲਮਾਨਾਂ ਨੂੰ ਤੱਤੀ
ਵਾਅ ਵੀ ਨਹੀ ਲੱਗਣ ਦੇਣਗੇ ।ਪਰ ਉਸ ਦੇ ਪਿੰਡ ਤੇ ਲਾਮਦੇ ਪਿੰਡੋਂ ਆਈਆਂ ਫ਼ਿਰਕੂ ਜਨੂੰਨੀਆਂ ਦੀਆਂ ਭੀੜਾਂ ਹਮਲਾ ਕਰ ਦਿੰਦੀਆਂ ।
ਸ਼ੇਰਾ, ਉਸ ਦੀ ਮਾਂ ,ਫੱਤੂ,ਜਮਾਲੋ ਅਤੇ ਜਮਾਲੋ ਦੀ ਅੰਨ੍ਹੀ ਮਾਂ ਜਾਨ ਬਚਾ ਕੇ ਪਿੰਡ ਵਿੱਚੋਂ ਨਿਕਲ ਜਾਂਦੇ ਤੇ ਉਹ ਸੁੱਖੀ ਸਾਂਦੀ
ਪਾਕਿਸਤਾਨ ਪਹੁੰਚ ਜਾਂਦੇ ।ਨਾਜੀ ਨੂੰ ਲਾਜੋ ਬਚਾ ਕੇ ਆਪਣੇ ਘਰ ਲੈ ਜਾਂਦੀ ,ਜਿੱਥੋਂ ਉਹ ਨਾਜੀ ਨੂੰ ਚੌਧਰੀ ਦੇ ਘਰ ਛੱਡ ਆਉਂਦੀ
।ਚੌਧਰੀ ਜਦੋਂ ਨਾਜੀ ਦੇ ਬਾਪ ਫ਼ਜ਼ਲਦੀਨ ਨੂੰ ਉਹਨਾਂ ਦੇ ਘਰ ਵੇਖਣ ਜਾਂਦਾ ਤਾਂ ਉਸ ਨੂੰ ਉਹ ਜ਼ਖਮੀ ਹਾਲਤ ਵਿੱਚ ਪਿਆ ਮਿਲਦਾ ਜੋ
ਆਪਣੇ ਆਖਰੀ ਸਾਹ ਗਿਣ ਰਿਹਾ ਹੁੰਦਾ।ਫ਼ਜ਼ਲਦੀਨ ਮਰਦੇ ਵਕਤ ਚੌਧਰੀ ਕੋਲੋ ਇਹ ਵਚਨ ਲੈਂਦਾ ਕਿ ਉਹ ਨਾਜੀ ਨੂੰ ਆਪਣੀ ਧੀ
ਬਣਾਕੇ ਉਸ ਦੀ ਡੋਲੀ ਆਪਣੇ ਹੱਥੀ ਤੋਰੇਗਾ।ਓਧਰ ਚੌਧਰੀ ਦੇ ਘਰ ਤੇ ਨਾਜੀ ਨੂੰ ਮਾਰਨ ਲਈ ਭੀੜ ਹਮਲਾ ਕਰ ਦਿੰਦੀ ਜਿਸ ਕਰਕੇ
ਲਾਜੋ ਨਾਜੀ ਨੂੰ ਘਰ ਤੋਂ ਨਸਾ ਦਿੰਦੀ ਜਿਸ ਦਾ ਜਦੋਂ ਕਰਨੈਲ ਸਿੰਘ ਨੂੰ ਪਤਾ ਲੱਗਦਾ ਤਾਂ ਉਹ ਇਸ ਗੱਲੋਂ ਡਾਹਡਾ ਦੁੱਖੀ ਹੁੰਦਾ ਕਿ
ਨਾਜੀ ਦੇ ਪਿਓ ਨੂੰ ਦਿੱਤਾ ਵਚਨ ਹੁਣ ਉਹ ਕਿੰਝ ਪੂਰਾ ਕਰੇਗਾ।
ਚੌਧਰੀ ਰਾਤ ਦੇ ਹਨੇਰੇ ਵਿੱਚ ਨਾਜੀ ਨੂੰ ਲੱਭਣ ਜਾਂਦਾ ਜਿੱਥੇ ਉਸ ਨੂੰ ਬੂਟਾ ਤੇ ਉਸ ਦੇ ਸਾਥੀ ਮਿਲਦੇ ਜੋਂ ਨਾਜੀ ਨੂੰ ਈ
ਲੱਭ ਰਹੇ ਹੁੰਦੇ ਤਾਂ ਜੋ ਉਸਤੋਂ ਸ਼ੇਰੇ ਦਾ ਬਦਲਾ ਲਿਆ ਜਾਵੇ ਪਰ ਚੌਧਰੀ ਅਜਿਹਾ ਨਹੀ ਹੋਣ ਦਿੰਦਾ ,ਉਹ ਨਾਜੀ ਨੂੰ ਲੱਭ ਕੇ ਘਰ ਲੈ
ਆਉਂਦਾ ਤੇ ਬੂਟੇ ਨੂੰ ਆਪਣੇ ਘਰੋਂ ਕੱਢ ਦਿੰਦਾ। ਭਾਰਚ ਆਜਾਦ ਹੋਣ ਤੋਂ ਬਾਅਦ ਛੇ ਮਹੀਨੇ ਨਾਜ਼ੀ ਚੌਧਰੀ ਦੇ ਘਰੇ ਉਸ ਦੀ ਧੀ ਬਣ
ਕੇ ਰਹਿੰਦੀ।ਚੌਧਰੀ ਸ਼ੇਰੇ ਨੂੰ ਲੱਭਣ ਦੀਆਂ ਅਣਥੱਕ ਕੋਸ਼ਿਸ਼ਾਂ ਕਰਦਾ ਪਰ ਉਸ ਦਾ ਕੁਝ ਪਤਾ ਨਾ ਲੱਗਦਾ।ਓਧਰ ਬੂਟਾ ਚਲਾਕੀ ਨਾਲ
ਸ਼ੇਰੇ ਵੱਲੋਂ ਚੌਧਰੀ ਨੂੰ ਪਾਇਆ ਹਰ ਖ਼ਤ ਗਾਇਬ ਕਰ ਰਿਹਾ ਹੁੰਦਾ ਤਾਂ ਜੋ ਸ਼ੇਰੇ ਤੇ ਨਾਜੀ ਦਾ ਵਿਆਹ ਨਾ ਹੋ ਸਕੇ ਪਰ ਅਖੀਰ ਸ਼ੇਰੇ
ਦੀ ਪਾਈ ਤਾਰ ਚੌਧਰੀ ਨੂੰ ਮਿਲ ਜਾਂਦੀ। ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦਾ ਤੇ ਇੱਕ ਵਾਰ ਫਿਰ ਸ਼ੇਰੇ ਤੇ ਨਾਜੀ ਦੇ ਵਿਆਹ
ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਪਰ ਜਦੋ ਬੂਟੇ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਗੁੱਸੇ ਵਿੱਚ ਆ ਕੇ ਨਾਜੀ ਨੂੰ ਅਗਵਾ
ਕਰਨ ਆਪਣੇ ਬਾਪ ਚੌਧਰੀ ਕਰਨੈਲ ਸਿੰਘ ਦੇ ਘਰ ਆ ਜਾਂਦਾ। ਚੌਧਰੀ ਕਰਨੈਲ ਸਿੰਘ ਉਸਨੂੰ ਇੰਝ ਨਾ ਕਰਨ ਤੋਂ ਵਰਜਦਾ ਪਰ
ਜਦੋਂ ਉਹ ਨਾ ਹੱਟਦਾ ਤਾਂ ਚੌਧਰੀ ਉਸ ਨੂੰ ਗੋਲੀ ਮਾਰ ਦਿੰਦਾ ।ਪਰ ਬੂਟੇ ਨੂੰ ਨਾਜੀ ਦੀ ਸਹੇਲੀ ਲਾਜੋ ਆਪਣੀ ਬਾਂਹ ਤੇ ਗੋਲੀ ਖਾ ਕੇ
ਬਚਾ ਲੈਂਦੀ। ਬੂਟੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਅਖੀਰ ਚੌਧਰੀ ਕਰਨੈਲ ਸਿੰਘ ਬਾਬਲ ਬਣ ਕੇ ਬੜੀ ਧੂਮਧਾਮ ਨਾਲ
ਨਾਜ਼ੀ ਦਾ ਵਿਆਹ ਸ਼ੇਰੇ ਨਾਲ ਕਰ ਕੇ ਉਸ ਨੂੰ ਪਾਕਿਸਤਾਨ ਭੇਜ ਦਿੰਦਾ।ਇਸ ਤਰ੍ਹਾਂ ਫ਼ਿਲਮ ਧੀ ਦੀ ਵਿਦਾਈ ਦੇ ਮੌਕੇ ਤੇ ਮੁਹੰਮਦ
ਰਫ਼ੀ ਜੀ ਦੇ ਗਾਏ ਇੱਕ ਬਹੁਤ ਹੀ ਖੂਬਸੂਰਤ ਵਿਦਾਈ ਦੇ ਗੀਤ ਘਰ ਬਾਬਲ ਦਾ ਛੱਡ ਕੇ ਧੀਏ ਨਾਲ ਸਮਾਪਤ ਹੁੰਦੀ ।
ਬੇਹਤਰੀਨ ਅਤੇ ਖੂਬਸੂਰਤ ਪੰਜਾਬੀ ਫ਼ਿਲਮ ਚੌਧਰੀ ਕਰਨੈਲ ਸਿੰਘ ਨੂੰ ਪੰਜਾਬੀ ਸਿਨੇਮੇ ਦੀ ਕਲਾਸਿਕ ਫ਼ਿਲਮ
ਹੋਣ ਦਾ ਮਾਣ ਹਾਸਿਲ ਹੈ।
ਲੇਖਕ :ਅੰਗਰੇਜ ਸਿੰਘ ਵਿਰਦੀ , ਮੋਬਾਇਲ :9464628847