ਪੰਜਾਬੀ ਫ਼ਿਲਮ ਜੱਗਾ ਸੰਨ 1964 ਵਿੱਚ ਸਿਨੇ ਪਰਦੇ ਤੇ ਰਿਲੀਜ਼ ਹੋਈ ਇੱਕ ਐਸੀ ਫ਼ਿਲਮ ਹੈ ਜਿਸ ਨੂੰ ਪੰਜਾਬੀ ਸਿਨੇਮੇ ਦੀ ਦੂਜੀ ਰਾਸ਼ਟਰੀ ਐਵਾਰਡ ਹਾਸਿਲ ਕਰਦਾ ਫ਼ਿਲਮ ਹੋਣ ਦਾ ਮਾਣ ਹਾਸਿਲ ਹੈ। ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਜਗਤ ਸਿੰਘ ਜੱਗਾ ਦੀ ਜ਼ਿੰਦਗੀ ਤੇ ਅਧਾਰਿਤ ਇਹ ਫ਼ਿਲਮ ਪੰਜਾਬੀ ਸਿਨੇਮੇ ਦੀਆਂ ਕਲਾਸਿਕ ਫ਼ਿਲਮਾਂ ਵਿੱਚ ਸ਼ਾਮਿਲ ਹੈ ।
ਫ਼ਿਲਮ ਏਜ਼,ਬੰਬੇ ਦੇ ਬੈਨਰ ਹੇਠ ਬਨਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਸਨ ਕੇ ਬੀ ਚੱਢਾ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਜੁਗਲ ਕਿਸ਼ੋਰ। ਫ਼ਿਲਮ ਦੀ ਕਹਾਣੀ ਲਿਖੀ ਸੀ ਦਲਜੀਤ ਨੇ ,ਪਟਕਥਾ ਤੇ ਸੰਵਾਦ ਲਿਖੇ ਸਨ ਮਨੋਹਰ ਸਿੰਘ ਸਹਿਰਾਈ ਨੇ । ਉਸਤਾਦ ਅੱਲਾ ਰੱਖਾ ਕੁਰੈਸ਼ੀ ਦੇ ਮਧੁਰ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਦੇ ਗੀਤ ਲਿਖੇ ਸਨ ਮਨੋਹਰ ਸਿੰਘ ਸਹਿਰਾਈ ਨੇ ਅਤੇ ਇਹਨਾਂ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਸਨ ਗਾਇਕ ਮੁਹੰਮਦ ਰਫ਼ੀ,ਆਸ਼ਾ ਭੌਸਲੇ,ਮਹਿੰਦਰ ਕਪੂਰ,ਸ਼ਮਸ਼ਾਦ ਬੇਗ਼ਮ ਮੀਨੂੰ ਪ੍ਰਸ਼ੋਤਮ,ਐਸ.ਬਲਬੀਰ,ਮੁਬਾਰਕ ਬੇਗ਼ਮ ਅਤੇ ਲਕਸ਼ਮੀ ਸ਼ੰਕਰ ਨੇ। ਫ਼ਿਲਮ ਵਿੱਚ ਮੁੱਖ ਕਿਰਦਾਰ ਅਦਾ ਕਰਨ ਵਾਲੇ ਅਦਾਕਾਰਾਂ ਵਿੱਚ ਦਾਰਾ ਸਿੰਘ ਜੱਗੇ ਦੇ ਕਿਰਦਾਰ ਵਿੱਚ ਅਤੇ ਇੰਦਰਾ ਬਿੱਲੀ ਉਸ ਦੀ ਪ੍ਰੇਮਿਕਾ ਨਿੰਮੋ ਦੇ ਕਿਰਦਾਰ ਵਿੱਚ ਨਜ਼ਰ ਆਏ।ਇਹਨਾਂ ਤੋਂ ਇਲਾਵਾ ਬਾਕੀ ਕਿਰਦਾਰਾਂ ਵਿੱਚ ਸ਼ਾਮਿਲ ਸਨ ਖ਼ਰੈਤੀ,ਅਮਰਨਾਥ,ਜੁਗਲ ਕਿਸ਼ੋਰ,ਮਜ਼ਨੂੰ,ਮੁਮਤਾਜ ਬੇਗ਼ਮ,ਬਲਦੇਵ ਮਹਿਤਾ,ਰਾਣੀ ਸਚਦੇਵ,ਰੇਖਾ,ਰਾਜੂ ਅਤੇ ਹਰਬੰਸ ਭਾਪੇ।
ਬਲੈਕ ਐਂਡ ਵਾਈਟ ਫ਼ਿਲਮਾਂ ਦੇ ਦੌਰ ਵਿੱਚ ਬਣੀ ਇਸ ਫ਼ਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫ਼ਿਲਮ ਦੀ ਕਹਾਣੀ ਵਿੱਚ ਜਗਤ ਸਿੰਘ ਜੱਗਾ ਤੋਂ ਜੱਗਾ ਡਾਕੂ ਬਨਣ ਤੇ ਉਸ ਤੋਂ ਬਾਅਦ ਦੀ ਕਹਾਣੀ ਬਿਆਨ ਕੀਤੀ ਗਈ ਹੈ।
ਫ਼ਿਲਮ ਕਹਾਣੀ ਜਿਸ ਗੀਤ ਤੋਂ ਸ਼ੁਰੂ ਹੁੰਦੀ ਹੈ ਉਹ ਹੈ :-
“ਮੇਰਾ ਬਾਂਕਾ ਦੇਸ਼ ਪੰਜਾਬ ਬੇਲੀਆ ਬਾਂਕਾ ਦੇਸ਼ ਪੰਜਾਬ
ਦੇਸ਼ ਮੇਰੇ ਦੀਆਂ ਸੋਹਣੀਆਂ ਰੁੱਤਾਂ ਅੰਤ ਨਾ ਕੋਈ ਹਿਸਾਬ ਬੇਲੀਆ ਬਾਂਕਾ ਦੇਸ਼ ਪੰਜਾਬ”
ਮੁਹੰਮਦ ਰਫ਼ੀ ,ਐਸ. ਬਲਬੀਰ ,ਮਹਿੰਦਰ ਕਪੂਰ ਅਤੇ ਸਾਥੀਆਂ ਦੀ ਅਵਾਜ਼ ਵਿੱਚ ਗਾਏ ਇਸ ਖੂਬਸੂਰਤ ਗੀਤ ਨਾਲ ਫ਼ਿਲਮ ਦੇ ਕਲਾਕਾਰਾਂ ਅਤੇ ਫ਼ਿਲਮ ਨਾਲ ਜੁੜੇ ਹਰ ਸ਼ਕਸ਼ ਦੇ ਨਾਂਵਾਂ ਦੀ ਜਾਣ ਪਛਾਣ ਫ਼ਿਲਮੀ ਪਰਦੇ ਤੇ ਚਲਦੀ ਹੈ । ਗੀਤ ਦੇ ਨਾਲ ਫ਼ਿਲਮੀ ਪਰਦੇ ਤੇ ਪੰਜਾਬ ਦੇ ਸਭਿਆਚਾਰਕ ਰੰਗਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਜਾਂਦੀ ਹੈ ।ਪੁਰਾਣੇ ਪੰਜਾਬ ਦੀ ਝਲਕ ਪੇਸ਼ ਕਰਦੀਆਂ ਝਾਕੀਆਂ ਫ਼ਿਲਮੀ ਪਰਦੇ ਤੇ ਚਲਦੀਆਂ ਮਨ ਨੂੰ ਮੋਹ ਲੈਂਦੀਆਂ ਨੇ,ਖੇਤ ਖਲਿਆਂਣ,ਲਹਿਲਹਾਉਂਦੀਆਂ ਫ਼ਸਲਾਂ, ਮੇਲੇ, ਗਿੱੜਦੇ ਖੂਹ, ਲੋਕਾਂ ਦਾ ਮਜ਼ਮਾ,ਮੁਟਿਆਰਾਂ ਦਾ ਢਾਕ ਤੇ ਘੜੇ ਰੱਖ ਖੂਹ ਤੇ ਪਾਣੀ ਲੈਣ ਜਾਣਾ,ਪੀਂਘ ਝੂਟਦੀਆਂ ਮੁਟਿਆਰਾਂ,ਗੱਡਿਆ ਤੇ ਲੱਦੀਆਂ ਫ਼ਸਲਾ ਲੈ ਕੇ ਜਾਂਦੇ ਕਿਸਾਨ ਇਹ ਸਾਰੇ ਦ੍ਰਿਸ਼ ਇੱਕ ਇੱਕ ਕਰਕੇ ਗੀਤ ਦੇ ਬੋਲਾਂ ਨਾਲ ਮੇਲ ਖਾਂਦੇ ਅੱਖਾਂ ਸਾਹਮਣੇ ਦੀ ਲੰਘਦੇ ਨੇ। ਗੀਤ ਮੁੱਕਦਾ ਤੇ ਫ਼ਿਲਮ ਦਾ ਪਹਿਲਾ ਦ੍ਰਿਸ਼ ਜੱਗੇ ਦੇ ਖੇਤਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਪਿੰਡ ਦੇ ਦੋ ਤਿੰਨ ਮੁਹਤਬਰ ਬੰਦੇ ਜੱਗੇ ਦੇ ਖੇਤਾਂ ਵਿੱਚ ਹੋਈ ਵਧੀਆ ਫ਼ਸਲ ਨੂੰ ਵੇਖ ਕੇ ਖੁਸ਼ ਹੁੰਦੇ ਦਿਖਾਏ ਗਏ ਹਨ , ਪਰ ਐਨ ਓਸੇ ਵੇਲੇ ਪਿੰਡ ਦਾ ਚੌਧਰੀ ਪਰਬਤ ਸਿੰਘ ਆਪਣੇ ਸਾਥੀ ਨਾਲ ਉੱਥੇ ਆਉਂਦਾ ਹੈ ਜੋ ਜੱਗੇ ਦੇ ਬਾਪ ਨਾਲ ਦੁਸ਼ਮਨੀ ਰੱਖਦਾ ਹੈ, ਜਿਸ ਦਾ ਬਦਲਾ ਉਹ ਜੱਗੇ ਕੋਲੋ ਲੈਣਾ ਚਾਹੁੰਦਾ ਹੈ। ਉਹ ਜੱਗੇ ਨੂੰ ਮਾੜੇ ਬੋਲ ਬੋਲਣ ਲੱਗਦਾ ਹੈ ।ਪਰ ਪਿੰਡ ਵਾਲੇ ਉਸ ਨੂੰ ਜੱਗੇ ਨਾਲ ਦੁਸ਼ਮਣੀ ਛੱਡਣ ਲਈ ਆਖਦੇ ਹਨ।
ਫ਼ਿਲਮ ਦੇ ਅਗਲੇ ਦ੍ਰਿਸ਼ ਵਿੱਚ ਜੱਗਾ (ਅਦਾਕਾਰ ਦਾਰਾ ਸਿੰਘ) ,ਭੰਬੀਰੀ(ਅਦਾਕਾਰ ਖਰੈਤੀ) ਅਤੇ ਹੋਰ ਭਲਵਾਨ ਅਖਾੜੇ ਵਿੱਚ ਕੁਸ਼ਤੀ ਦੇ ਦਾਅ ਪੇਚ ਲਗਾ ਰਹੇ ਹੁੰਦੇ ਜਿੱਥੇ ਭੰਬੀਰੀ ਆਪਣੇ ਮਜਾਹੀਆ ਅੰਦਾਜ਼ ਵਿੱਚ ਜੱਗੇ ਨਾਲ ਘੁਲਦਾ ਹੈ ਪਰ ਉਸ ਹੱਥੋਂ ਮਾਤ ਖਾ ਜਾਂਦਾ ਹੈ।ਕੁਸ਼ਤੀ ਦੇ ਅਭਿਆਸ ਤੋਂ ਬਾਅਦ ਜੱਗਾ ਤੇ ਭੰਬੀਰੀ ਘਰੇ ਜਾ ਕੇ ਜੱਗੇ ਦੀ ਮਾਂ (ਮੁਮਤਾਜ਼ ਬੇਗ਼ਮ ) ਹੱਥੋਂ ਕਾੜ੍ਹਨੀ ਦਾ ਦੁੱਧ ਪੀਂਦੇ ਵਿਖਾਏ ਗਏ ਹਨ।ਫ਼ਿਲਮ ਦਾ ਇਹ ਦ੍ਰਿਸ਼ ਦੱਸਦਾ ਹੈ ਕਿ ਉਹ ਵੀ ਕਦੇ ਵੇਲਾ ਸੀ ਜਦੋਂ ਪੰਜਾਬ ਦੀਆਂ ਮਾਂਵਾ ਦੁੱਧ ਦੀਆ ਡੋਣੀਆਂ ਭਰ ਭਰ ਆਪਣੇ ਪੁੱਤਰਾਂ ਨੂੰ ਪਿਆ ਕੇ ਜਵਾਨ ਕਰਦੀਆਂ ਸਨ ।ਇਸ ਤਰ੍ਹਾਂ ਫ਼ਿਲਮ ਦੀ ਕਹਾਂਣੀ ਅੱਗੇ ਵੱਧਦੀ ਹੈ। ਜੱਗਾ ਨਾਲ ਦੇ ਸੁਨਿਆਰਿਆ ਦੇ ਪਿੰਡ ਦੇ ਸਰਦਾਰ ਉਜਾਗਰ ਸਿੰਘ ਦੀ ਧੀ ਨਿੰਮੋ ਨਾਲ ਪਿਆਰ ਕਰਦਾ ਹੈ ਜਿਸ ਨੂੰ ਉਹ ਲੁੱਕ ਲੁੱਕ ਕੇ ਮਿਲਦਾ।ਜੱਗੇ ਦਾ ਦੁਸ਼ਮਣ ਚੌਧਰੀ ਪਰਬਤ ਬਥੇਰੀ ਕੋਸ਼ਿਸ਼ ਕਰਦਾ ਕਿ ਉਹ ਨਿੰਮੋ ਤੇ ਜੱਗੇ ਨੂੰ ਮਿਲਦਿਆਂ ਨਿੰਮੋ ਦੇ ਪਿਓ ਉਜਾਗਰ ਸਿੰਘ ਕੋਲ ਰੰਗੇ ਹੱਥੀ ਫੜਾ ਦੇਵੇ ਪਰ ਉਹ ਕਾਮਯਾਬ ਨਹੀ ਹੁੰਦਾ।ਨਿੰਮੋ ਤੇ ਜੱਗਾ ਇੱਕਠੇ ਜਿਊਣ ਮਰਨ ਦੀਆਂ ਸੋਂਹਾਂ ਖਾਂਦੇ ਨੇ।ਨਿੰਮੋ ਤੇ ਜੱਗੇ ਦੇ ਪਿਆਰ ਵਿੱਚ ਨਿੰਮੋ ਦਾ ਪਿਓ ਅੜਿਕਾ ਡਾਉਂਦਾ ਹੈ ਉਹ ਨਿੰਮੋ ਦਾ ਵਿਆਹ ਕਿਤੇ ਹੋਰ ਕਰਨ ਦਾ ਫੈਸਲਾ ਕਰਦਾ ਜਿਸ ਨਾਲ ਦੋਵੇ ਪ੍ਰੇਮੀ ਬੇਹੱਦ ਦੁੱਖੀ ਹੁੰਦੇ ।
ਇੱਕ ਦਿਨ ਜੱਗੇ ਦੀ ਭੈਣ ਲਾਜੋ ਨੂੰ ਖੇਤ ਰੋਟੀ ਲੈ ਕੇ ਜਾਂਦਿਆਂ ਚੌਧਰੀ ਪਰਬਤ ਤੇ ਉਸ ਦਾ ਸਾਥੀ ਵੇਖ ਲੈਂਦੇ ਤੇ ਉਹ ਉਸ ਦਾ ਪਿੱਛਾ ਕਰਦੇ । ਉਜਾੜ ਖੇਤਾਂ ਵਿੱਚ ਪਰਬਤ ਲਾਜੋ ਨਾਲ ਜਿਆਦਤੀ ਕਰ ਉਸ ਦਾ ਕਤਲ ਕਰ ਦਿੰਦਾ।ਜਦੋਂ ਜੱਗੇ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਗੁੱਸੇ ਵਿੱਚ ਆਪਾ ਖੋ ਦਿੰਦਾਂ ।ਹੁਣ ਉਸ ਦਾ ਇਕੋ ਮਕਸਦ ਲਾਜੋ ਦੇ ਕਾਤਲਾ ਨੂੰ ਲੱਭ ਕੇ ਉਹਨਾਂ ਨੂੰ ਸਜ਼ਾ ਦੇਣਾ ਹੁੰਦਾ।ਜੱਗੇ ਨੂੰ ਪਤਾ ਲੱਗਦਾ ਕਿ ਉਸ ਦੀ ਭੈਣ ਨੇ ਕਾਤਲ ਨਾਲ ਮੁਕਾਬਲਾ ਕਰਦੀ ਨੇ ਉਸ ਦੇ ਮੱਥੇ ਤੇ ਇੱਟ ਦੇ ਵਾਰ ਨਾਲ ਡੂੰਘਾ ਫੱਟ ਲਾਇਆ ਸੀ, ਜਿਸ ਨੂੰ ਲੱਭਣ ਲਈ ਉਹ ਪਿੰਡ ਪਿੰਡ ਕਾਤਲ ਦੀ ਤਲਾਸ਼ ਕਰਨ ਲੱਗਦਾ ਤੇ ਅਖੀਰ ਉਸ ਦੀ ਤਲਾਸ਼ ਪਰਬਤ ਦੇ ਘਰ ਜਾ ਕੇ ਮੁੱਕਦੀ।ਪਿੰਡ ਦੀ ਪੰਚਾਇਤ ਵਿੱਚ ਜੱਗਾ ਪਰਬਤ ਅਤੇ ਉਸ ਦੇ ਸਾਥੀ ਨੂੰ ਧੂ ਕੇ ਲੈ ਕੇ ਜਾਂਦਾ ਤੇ ਉਸ ਦੇ ਕੀਤੇ ਗੁਨਾਹ ਬਾਰੇ ਦੱਸਦਾ।ਗੁੱਸੇ ਵਿੱਚ ਆ ਜੱਗਾ ਪਰਬਤ ਤੇ ਉਸ ਦੇ ਸਾਥੀ ਦੀ ਧੌਣ ਦਬਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ।ਦੋਵਾਂ ਦਾ ਕਤਲ ਕਰਨ ਤੋਂ ਬਾਅਦ ਜੱਗਾ ਤੇ ਉਸ ਦਾ ਜ਼ਿਗਰੀ ਯਾਰ ਭੰਬੀਰੀ ਪਿੰਡ ਤੋਂ ਫ਼ਰਾਰ ਹੋ ਜਾਂਦੇ ।
ਜੱਗਾ ਤੇ ਉਸ ਦਾ ਯਾਰ ਭੰਬੀਰੀ ਜੰਗਲਾਂ ਵਿੱਚ ਡਾਕੂਆਂ ਦੇ ਇੱਕ ਅੱਡੇ ਤੇ ਪਹੁੰਚਦੇ ਜਿੱਥੇ ਉਹ ਲੁੱਕ ਕੇ ਵੇਖਦੇ ਕਿ ਡਾਕੂਆਂ ਦਾ ਟੋਲਾ ਇੱਕ ਨ੍ਰਤਕੀ ਦਾ ਨਾਚ ਦੇਖ ਰਹੇ ਹੁੰਦੇ।ਜਦੋਂ ਡਾਕੂਆਂ ਦਾ ਸਰਦਾਰ ਸ਼ਰਾਬੀ ਹਾਲਤ ਵਿੱਚ ਉਸ ਨ੍ਰਤਕੀ ਦੀ ਇੱਜ਼ਤ ਨੂੰ ਹੱਥ ਪਾਉਣ ਲੱਗਦਾ ਤਾਂ ਜੱਗਾ ਅੱਡੇ ਵਿੱਚ ਦਾਖਿਲ ਹੋ ਸਰਦਾਰ ਨੂੰ ਰੋਕਦਾ ,ਪਰ ਉਹ ਜੱਗੇ ਨੂੰ ਉਸ ਨਾਲ ਲੜਨ ਲਈ ਲਲਕਾਰਦਾ ।ਜੱਗੇ ਤੇ ਡਾਕੂਆਂ ਦੇ ਸਰਦਾਰ ਦਾ ਮੁਕਾਬਲਾ ਹੁੰਦਾ ਜਿਸ ਵਿੱਚ ਸਰਦਾਰ ਮਾਰਿਆ ਜਾਂਦਾ। ਡਾਕੂਆਂ ਦਾ ਟੋਲਾ ਜੱਗੇ ਨੂੰ ਆਪਣੇ ਨਵਾਂ ਸਰਦਾਰ ਐਲਾਨ ਦਿੰਦੇ ਇਸ ਤਰ੍ਹਾਂ ਜੱਗਾ ਡਾਕੂਆਂ ਦੇ ਟੋਲੇ ਵਿੱਚ ਰਲ ਉਹਨਾਂ ਦਾ ਸਰਦਾਰ ਬਣ ਜਾਂਦਾ।ਜੱਗਾ ਡਾਕੂ ਬਣ ਆਪਣੇ ਟੋਲੇ ਵਿੱਚ ਤਿੰਨ ਅਸੂਲ ਤਹਿ ਕਰਦਾ ਕਿ ਉਸ ਦੇ ਸਾਥੀ ਕਿਸੇ ਦੀ ਧੀ ਭੈਣ ਨੂੰ ਛੇੜਣਗੇ ਨਹੀ,ਗਰੀਬਾਂ ਨੂੰ ਸਤਾਉਣਗੇ ਨਹੀ ਤੇ ਭੁੱਖੇ ਨੂੰ ਭੁੱਖੇ ਰਹਿ ਕੇ ਵੀ ਖਾਣਾ ਖਵਾਉਣਗੇ।
ਹੁਣ ਜੱਗ ਡਾਕੂ ਬਣ ਪਿੰਡ ਪਿੰਡ ਡਾਕੇ ਮਾਰਨ ਲੱਗਦਾ ਪਰ ਉਹ ਗਰੀਬਾਂ ਨੂੰ ਕੁੱਝ ਨਾ ਕਹਿੰਦਾ।ਉਹ ਉਹਨਾਂ ਸ਼ਾਹੂਕਾਰਾਂ ਨੂੰ ਲੁੱਟਦਾ ਜਿਨ੍ਹਾਂ ਗਰੀਬਾਂ ਦਾ ਖੂਨ ਨਚੋੜ ਨਚੇੜ ਅੰਤਾਂ ਦੀ ਧਨ ਦੌਲਤ ਇਕੱਠੀ ਕੀਤੀ ਹੁੰਦੀ।ਉਹ ਉਹਨਾਂ ਸੂਦਖ਼ੋਰ ਲਾਲਿਆ ਦੀਆਂ ਵਹੀ ਖਾਤਿਆਂ ਨੂੰ ਸਾੜਦਾ ਜੋ ਪੀੜੀ ਦਰ ਪੀੜੀ ਸੂਦ ਲਾ ਗਰੀਬ ਕਿਸਾਨਾ ਨੂੰ ਲੁੱਟਦੇ ਤੇ ਉਹਨਾਂ ਦੀਆਂ ਫ਼ਸਲਾਂ ਦਾ ਵੱਡਾ ਹਿੱਸਾ ਹੜੱਪ ਕਰ ਜਾਂਦੇ।ਇਸ ਤਰ੍ਹਾਂ ਜੱਗੇ ਦਾ ਖ਼ੌਫ ਅਮੀਰਾਂ ਵਿੱਚ ਵੱਧਣ ਲੱਗਦਾ ਤੇ ਗਰੀਬਾਂ ਵਿੱਚ ਉਸ ਦੀ ਦਿਆਨਤਦਾਰੀ ,ਗਰੀਬਾਂ ਪ੍ਰਤੀ ਉਸ ਦੇ ਪਿਆਰ ਤੇ ਉਸ ਦੇ ਰਹਿਮ ਦਿਲ ਹੋਣ ਦੀਆਂ ਗੱਲਾਂ ਚੱਲਣ ਲੱਗਦੀਆਂ।ਜਦੋਂ ਜੱਗੇ ਦੀ ਪ੍ਰਸਿੱਧੀ ਚਾਰੋ ਤਰਫ਼ ਫੈਲਣ ਲੱਗਦੀ ਤਾਂ ਅੰਗਰੇਜ ਹਕੂਮਤ ਉਸ ਦੇ ਸਿਰ ਤੇ 20000 ਦਾ ਇਨਾਮ ਰੱਖ ਦਿੰਦੀ।ਜੋ ਵੀ ਕੋਈ ਪੁਲਿਸ ਨੂੰ ਉਸ ਦੀ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾਊ ਉਸ ਨੂੰ 20000 ਦਾ ਇਨਾਮ ਦਿੱਤਾ ਜਾਊ।ਇਸ ਇਨਾਮ ਦੇ ਲਾਲਚ ਵਿੱਚ ਮੁਖ਼ਬਰ ਜੱਗੇ ਦਾ ਪਿੱਛਾ ਕਰਨ ਲੱਗਦੇ।ਇੱਕ ਦਿਨ ਜੱਗਾ ਜਦੋਂ ਡਾਕਾ ਮਾਰਨ ਕਿਸੇ ਘਰ ਵਿੱਚ ਦਾਖਿਲ ਹੁੰਦਾ ਤਾਂ ਘਰ ਦੇ ਮਾਲਿਕ ਦੀ ਧੀ ਉਸ ਨੂੰ ਹੱਥ ਜੋੜ ਕੇ ਆਖਦੀ ਕਿ ਉਹ ਇੱਥੋਂ ਗਹਿਣੇ ਨਾ ਲੈ ਕੇ ਜਾਣ ਕਿਉਂਕਿ ਸਾਰੇ ਗਹਿਣੇ ਉਸ ਦੇ ਬਾਪ ਨੇ ਉਸ ਦੇ ਵਿਆਹ ਲਈ ਬਣਾਏ ਹਨ ,ਜੋ ਕੁੱਝ ਦਿਨਾਂ ਨੂੰ ਹੋਣ ਵਾਲਾ ਹੈ।ਜੱਗਾ ਇਹ ਸੁਣ ਕੇ ਕੁੜੀ ਦੇ ਗਹਿਣੇ ਵੀ ਵਾਪਿਸ ਕਰ ਦਿੰਦਾ ਤੇ ਉਸ ਨੂੰ ਮੂੰਹ ਬੋਲੀ ਭੈਣ ਵੀ ਬਣਾ ਲੈਂਦਾ। ਫਿਰ ਕੁਝ ਦਿਨਾਂ ਬਾਅਦ ਜੱਗਾ ਆਪਣੀ ਮੂੰਹ ਬੋਲੀ ਭੈਂਣ ਦੇ ਵਿਆਹ ਵਿੱਚ ਭੇਸ ਬਦਲ ਕੇ ਸ਼ਾਮਿਲ ਹੁੰਦਾਂ ਤੇ ਭੈਣ ਦੇ ਵਿਆਹ ਵਿੱਚ ਆਉਣ ਦਾ ਜੋ ਵਾਅਦਾ ਕੀਤਾ ਹੁੰਦਾ ਉਸ ਨੂੰ ਪੂਰਾ ਕਰਦਾ । ਅਖੀਰ ਜੱਗੇ ਦਾ ਏਸੇ ਭੈਣ ਦੇ ਪੁਲਿਸ ਵਿੱਚ ਵੱਡੇ ਅਫ਼ਸਰ ਪਤੀ ਨਾਲ ਉਦੋਂ ਸਾਹਮਣਾ ਹੁੰਦਾ ਜਦੋਂ ਮੁਖ਼ਬਰ ਦੀ ਸੂਹ ਦੇਣ ਤੇ ਪੁਲਿਸ ਵੱਡੀ ਗਿਣਤੀ ਵਿੱਚ ਜੱਗੇ ਦੇ ਅੱਡੇ ਨੂੰ ਘੇਰਾ ਪਾ ਲੈਂਦੀ । ਮੁਕਾਬਲੇ ਦੌਰਾਨ ਜੱਗੇ ਦੇ ਸਾਰੇ ਸਾਥੀ ਮਾਰੇ ਜਾਂਦੇ ਤੇ ਮੂੰਹ ਬੋਲੀ ਭੈਣ ਦੇ ਪੁਲਿਸ ਅਫ਼ਸਰ ਪਤੀ ਦੇ ਸਾਹਮਣੇ ਆਉਣ ਕਰਕੇ ਗੋਲੀ ਨਾ ਚਲਾਉਣ ਬਦਲੇ ਜੱਗਾ ਉਸ ਦੇ ਹੱਥੋਂ ਮਾਰਿਆ ਜਾਂਦਾ।ਇਸ ਤਰ੍ਹਾਂ ਫ਼ਿਲਮ ਆਪਣੇ ਅੰਤ ਤੱਕ ਪਹੁੰਚਦੀ।ਫ਼ਿਲਮ ਦੇ ਅਖੀਰ ਵਿੱਚ ਜੱਗੇ ਦੀ ਅਰਥੀ ਨਿੰਮੋ ਦੇ ਪਿੰਡ ਜਿੱਥੇ ਉਸ ਦਾ ਵਿਆਹ ਧਰਿਆ ਹੁੰਦਾ ਦੇ ਵਿੱਚੋਂ ਦੀ ਲੰਘਦੀ, ਜਿਸ ਵਿੱਚ ਲੱਖਾਂ ਲੋਕ ਸ਼ਾਮਿਲ ਹੁੰਦੇ ਵਿਖਾਏ ਗਏ ਤੇ ਨਾਲ ਹੀ ਇਹ ਬੇਹੱਦ ਦਰਦ ਭਰਿਆ ਗੀਤ ਮੁਹੰਮਦ ਰਫ਼ੀ ਦੀ ਆਵਾਜ਼ ਵਿੱਚ ਸੁਣਾਈ ਦਿੰਦਾ ਹੈ ।
“ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ ,ਤੇ ਇੱਕ ਦੇ ਮੈਂ ਦੋ ਜੰਮਦੀ
ਜੱਗਿਆ ਵੇ ਸੁੱਤੀ ਪਈ ਮਾਂ ਦੇ ਕਲੇਜੇ ਛੁਰਾ ਵੱਜਿਆ”
ਸ਼ਾਨਦਾਰ ਅਦਾਕਾਰੀ ਨਾਲ ਸਜੀ ਇਹ ਇੱਕ ਬੇਹਤਰੀਨ ਫ਼ਿਲਮ ਹੈ ਜਿਸ ਵਿੱਚ ਕੁੱਲ 7 ਗੀਤ ਸ਼ਾਮਿਲ ਕੀਤੇ ਗਏ ਸਨ ਜਿਨ੍ਹਾਂ ਦਾ ਵੇਰਵਾ ਕੁੱਝ ਇੰਝ ਹੈ:- 1. ਮੇਰਾ ਬਾਂਕਾ ਦੇਸ਼ ਪੰਜਾਬ ( ਗਾਇਕ ਮੁਹੰਮਦ ਰਫ਼ੀ,ਮਹਿੰਦਰ ਕਪੂਰ,ਐੱਸ ਬਲਬੀਰ ਅਤੇ ਸਾਥੀ) 2. ਤੱਕਣੀਆਂ ਤੇਰੀਆਂ ਮੈਂ ਰਾਹਵਾਂ ਸੱਜਣਾ( ਗਾਇਕਾ ਲਕਸ਼ਮੀ ਸ਼ੰਕਰ) 3. ਮੈਂ ਜੱਟ ਦੇਸ਼ ਪੰਜਾਬ ਦਾ (ਗਾਇਕ ਮੁਹੰਮਦ ਰਫ਼ੀ,ਸ਼ਮਸ਼ਾਦ ਬੇਗ਼ਮ ਅਤੇ ਐੱਸ ਬਲਬੀਰ) 4. ਏਹ ਰੂਪ ਨਿਰਾ ਫ਼ੁੱਲਾਂ ਦੀ ਜਵਾਨੀ (ਗਾਇਕਾ ਮੁਬਾਰਕ ਬੇਗ਼ਮ) 5. ਯਾਰੀ ਬੇਦਰਦਾ ਨਾਲ ਲਾ ਕੇ (ਕਵਾਲੀ ਬਲਬੀਰ,ਮਹਿੰਦਰ ਕਪੂਰ ਅਤੇ ਸਾਥੀ)6. ਰੁੱਤ ਮਸਤਾਨੀ ਆਈ ਬੱਲੀਏ (ਗਾਇਕਾ ਆਸ਼ਾ ਭੌਸਲੇ,ਮੀਨੂੰ ਪ੍ਰਸ਼ੋਤਮ ਅਤੇ ਸਾਥੀ)7.ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ(ਗਾਇਕ ਮੁਹੰਮਦ ਰਫ਼ੀ)
ਲੇਖਕ :-ਅੰਗਰੇਜ ਸਿੰਘ ਵਿਰਦੀ,ਅੰਮ੍ਰਿਤਸਰ
#9464628857