ਪੰਜਾਬ ਦੀ ਪ੍ਰਸਿੱਧ ਲੋਕ ਦਾਸਤਾਨ ਸੱਸੀ ਪੁਨੂੰ ਦੇ ਪਾਕ ਇਸ਼ਕ ਦੇ ਪ੍ਰਸੰਗਾ ਨੂੰ ਪੇਸ਼ ਕਰਦੀ ਫ਼ਿਲਮ ਸੱਸੀ ਪੁਨੂੰ ਕਿੱਸਾਕਾਰੀ ਵਿੱਚ ਵੱਡਾ ਨਾਂ ਹਾਸ਼ਿਮ ਦੀ ਪ੍ਰਸਿੱਧ ਰਚਨਾ ਸੱਸੀ ਤੇ ਆਧਾਰਿਤ ਸੀ ਤੇ ਇਸ ਫ਼ਿਲਮ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਕਵੀ ਹਾਸ਼ਿਮ ਸ਼ਾਹ ਨੂੰ ਸਮਰਪਿਤ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਪੰਜਾਬੀ ਸਿਨੇਮੇ ਦੀ ਤੀਸਰੀ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਇਹ ਫ਼ਿਲਮ ਆਪਣੀ ਪਾਕ ਮੁਹੱਬਤ ਲਈ ਸਹਿਰਾ ਦੀ ਤਪਦੀ ਰੇਤ ਦੇ ਹਵਾਲੇ ਕਰ ਖੁਦ ਨੂੰ ਫ਼ਨਾਹ ਕਰਨ ਵਾਲੇ ਦੋ ਪ੍ਰੇਮੀਆਂ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਇੱਕ ਬੇਹੱਦ ਕਲਾਤਮਕ, ਖੂਬਸੂਰਤ ਅਤੇ ਇਤਿਹਾਸਕ ਫ਼ਿਲਮ ਹੈ।
ਸੰਨ 1961 ਵਿੱਚ ਜਦੋਂ ਹਿੰਦੀ ਸਿਨੇਮੇ ਵਿੱਚ ਈਸਟਮੈਨ ਕਲਰ ਤਕਨੀਕ ਦੀ ਆਮਦ ਹੋਈ ਤਾਂ ਫ਼ਿਲਮ ਨਿਰਮਾਤਾਵਾਂ ਦਾ ਰੁਝਾਨ ਬਲੈਕ ਐਂਡ ਵਾਈਟ ਤੋਂ ਰੰਗੀਨ ਫ਼ਿਲਮਾਂ ਬਣਾਉਣ ਵੱਲ ਹੋ ਗਿਆ ਜਿਸ ਦੇ ਚਲਦੇ ਪੰਜਾਬੀ ਫ਼ਿਲਮ ਨਿਰਮਾਤਾਵਾਂ ਨੇ ਵੀ ਇਹ ਤਕਨੀਕ ਅਪਣਾਉਣ ਦਾ ਫ਼ੈਸਲਾ ਕੀਤਾ ।ਫ਼ਿਲਮ ਸੱਸੀ ਪੁਨੂੰ ਨੂੰ ਪੰਜਾਬੀ ਜ਼ੁਬਾਨ ਦੀਆਂ ਬੇਹੱਦ ਖਾਸ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ।ਇਸ ਫ਼ਿਲਮ ਨੂੰ ਪੰਜਾਬੀ ਸਿਨੇਮੇ ਦੀ ਪਹਿਲੀ ਰੰਗੀਨ ਫ਼ਿਲਮ ਹੋਣ ਦਾ ਮਾਣ ਹਾਸਿਲ ਹੈ। 07 ਮਈ 1965 ਨੂੰ ਸਿਨੇ ਪਰਦੇ ਤੇ ਰਿਲੀਜ਼ ਹੋਈ ਫ਼ਿਲਮੀਸਤਾਨ ਪ੍ਰਾਈਵੇਟ ਲਿਮਟਿਡ,ਬੰਬੇ ਦੇ ਬੈਨਰ ਹੇਠ ਨਿਰਮਾਤਾ ਤੋਲਾ ਰਾਮ ਜਾਲਾਨ ਦੀ ਇਹ ਫ਼ਿਲਮ ਜਿਸ ਦਾ ਨਾਂ ਵੀ ਉਹਨਾਂ ਸੱਸੀ ਪੁਨੂੰ ਹੀ ਰੱਖਿਆ ਦੇ ਨਿਰਦੇਸ਼ਕ ਅਤੇ ਲੇਖਕ ਸਨ ਸ਼ਾਂਤੀ ਪ੍ਰਕਾਸ਼ ਬਖਸ਼ੀ। ਫ਼ਿਲਮ ਵਿੱਚ ਅਦਾਕਾਰ ਰਵਿੰਦਰ ਕਪੂਰ ਨੇ ਪੁਨੂੰ ਦਾ ਅਤੇ ਅਦਾਕਾਰਾ ਇੰਦਰਾ ਬਿੱਲੀ ਨੇ ਸੱਸੀ ਦਾ ਨੁਮਾਇਆ ਕਿਰਦਾਰ ਅਦਾ ਕੀਤਾ ਸੀ ।ਸਹਾਇਕ ਅਦਾਕਾਰਾਂ ਵਿੱਚ ਅਦਾਕਾਰ ਚਮਨਪੁਰੀ ਸੱਸੀ ਨੂੰ ਪਾਲਣ ਵਾਲੇ ਪਿਤਾ ਅੱਤਾ ਚੌਧਰੀ ਦੇ ਕਿਰਦਾਰ ਵਿੱਚ,ਬੀ.ਐਮ.ਵਿਆਸ ਸੱਸੀ ਦੇ ਪਿਤਾ ਰਾਜਾ ਅਦਮਜਾਮ ਦੇ ਕਿਰਦਾਰ ਵਿੱਚ,ਸੁਜਾਤਾ ਸੱਸੀ ਨੂੰ ਜਨਮ ਦੇਣ ਵਾਲੀ ਰਾਣੀ ਮਾਂ ਦੇ ਕਿਰਦਾਰ ਵਿੱਚ,ਅਧੁਰਿਕਾ ਸੱਸੀ ਨੂੰ ਪਾਲਣ ਵਾਲੀ ਮਾਂ ਦੇ ਕਿਰਦਾਰ ਵਿੱਚ,ਜ਼ਿਲਾਨੀ ਰਾਜੇ ਦੇ ਵਜ਼ੀਰ ਦੇ ਕਿਰਦਾਰ ਵਿੱਚ,ਚਮਨ ਲਾਲ ਸ਼ੁਗਲ ਰਾਜੇ ਦੇ ਸੁਰੱਖਿਆ ਗਾਰਡ ਦੇ ਕਿਰਦਾਰ ਵਿੱਚ,ਬੀ.ਐਨ.ਬਾਲੀ ਚਿਤਰਕਾਰ ਦੇ ਕਿਰਦਾਰ ਵਿੱਚ,ਗੁਲਸ਼ਨ ਬਾਵਰਾ ਬੰਤੇ ਦੇ ਕਿਰਦਾਰ ਵਿੱਚ,ਬਾਦਸ਼ਾਹ ਗਧੇ ਦੇ ਕਿਰਦਾਰ ਵਿੱਚ ਅਤੇ ਅਦਾਕਾਰ ਮਜਨੂੰ ਉਸਤਾਦ ਫੁੰਮਨ ਦੇ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰ ਆਏ। ਫ਼ਿਲਮ ਦੀ ਖੂਬਸੂਰਤ ਸਿਨੇਮੈਟੋਗ੍ਰਾਫ਼ੀ ਕੀਤੀ ਸੀ ਕ੍ਰਿਸ਼ਨ ਸਹਿਗਲ ਨੇ ਅਤੇ ਨ੍ਰਿਤ ਨਿਰਦੇਸ਼ਕ ਸਨ ਬਦਰੀ ਪ੍ਰਸ਼ਾਦ,ਹਰਬੰਸ ਭਾਪੇ ਅਤੇ ਸੋਹਣ ਲਾਲ ਖੰਨਾ। ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ ਬੀ.ਐਨ.ਬਾਲੀ ਨੇ ਅਤੇ ਗੀਤਾਂ ਦੇ ਬੋਲ ਲਿਖੇ ਸਨ ਨਕਸ਼ ਲਾਇਲਪੁਰੀ ਅਤੇ ਵਰਮਾ ਮਲਿਕ ਨੇ।
ਫ਼ਿਲਮ ਦੀ ਕਹਾਣੀ ਕਿੱਸਾਕਾਰ ਹਾਸ਼ਮ ਦੁਆਰਾ ਲਿਖੇ ਕਿੱਸੇ ਸੱਸੀ ਤੇ ਆਧਾਰਿਤ ਹੈ । ਫ਼ਿਲਮ ਸ਼ੁਰੂ ਹੁੰਦੀ ਹੈ ਭੰਬੋਰ ਸ਼ਹਿਰ ਤੋਂ ਜਿਸ ਦਾ ਰਾਜਾ ਆਦਮਜਾਮ ਹੈ ਤੇ ਜਿਸ ਦੇ ਰਾਜ ਵਿੱਚ ਕਿਸੇ ਚੀਜ਼ ਦੀ ਘਾਟ ਨਹੀ ਹੈ । ਸੋਹਣੇ ਮਹਿਲ ਮੁਨਾਰੇ,ਫ਼ਲਾਂ ਨਾਲ ਲੱਦੇ ਬਾਗ ਬਗੀਚੇ ,ਦੌਲਤਾਂ ਨਾਲ ਭਰੇ ਖਜ਼ਾਨੇ ਤੇ ਵੱਡਾ ਫ਼ੌਜੀ ਲਾਮ ਲਸ਼ਕਰ ਰਾਜੇ ਦੇ ਰਾਜ ਦੇ ਜਾਹੋ ਜਲਾਲ ਦੀ ਗਵਾਹੀ ਭਰਦੇ ਹਨ।ਬੇਸ਼ੱਕ ਰਾਜੇ ਕੋਲ ਸੱਭ ਕੁੱਝ ਹੈ ਪਰ ਉਸ ਕੋਲ ਇੱਕੋ ਚੀਜ਼ ਦੀ ਘਾਟ ਹੈ ਉਹ ਹੈ ਔਲਾਦ।ਪ੍ਰਤਾਪੀ ਰਾਜਾ ਆਦਮਜਾਮ ਬੇਔਲਾਦ ਹੈ ਤੇ ਉਸ ਨੂੰ ਆਪਣੇ ਰਾਜ ਦੇ ਵਾਰਿਸ ਦੀ ਚਿੰਤਾ ਹੈ। ਉਹ ਆਪਣੇ ਘਰ ਔਲਾਦ ਲਈ ਰੱਬ ਅੱਗੇ ਅਰਦਾਸਾਂ ਕਰਦਾ ਹੈ ਉਹ ਭੁੱਖਿਆਂ ਲਈ ਲੰਗਰ ਲਗਾਉਂਦਾ ਹੈ,ਪਿਆਸਿਆ ਲਈ ਤਲਾਬ ਤੇ ਮੁਸਾਫ਼ਿਰਾ ਲਈ ਸਰਾਵਾਂ ਬਣਵਾ ਕੇ ਦਿੰਦਾ ਹੈ। ਉਹ ਮੰਨਤ ਮੰਗਣ ਆਪਣੀ ਰਾਣੀ ਦੇ ਨਾਲ ਸਾਂਈ ਦੇ ਦਰਬਾਰ ਵਿੱਚ ਵੀ ਜਾਂਦਾ ਹੈ ਤੇ ਆਪਣੇ ਘਰ ਔਲਾਦ ਦੇ ਜਨਮ ਲਈ ਸਾਂਈ ਦੇ ਦਰਬਾਰ ਵਿੱਚ ਦੁਆ ਅਰਜੋਈ ਕਰਦਾ ਹੈ ।ਛੇਤੀ ਹੀ ਉਹਨਾਂ ਦੀ ਕੀਤੀ ਦੁਆ ਕਬੂਲ ਹੁੰਦੀ ਹੈ । ਰਾਜੇ ਦੇ ਘਰ ਇੱਕ ਸੁੰਦਰ ਧੀ ਦਾ ਜਨਮ ਹੁੰਦਾ ਹੈ। ਸਾਰੇ ਮਹਿਲ ਵਿੱਚ ਬੱਚੇ ਦੀਆਂ ਕਿਲਕਾਰੀਆਂ ਨਾਲ ਖੁਸ਼ਨੁਮਾ ਮਹੌਲ ਬਣ ਜਾਂਦਾ ਹੈ।ਰਾਜਾ ਤੇ ਰਾਣੀ ਬੇਹੱਦ ਖੁਸ਼ ਹਨ ।ਰਾਜਾ ਆਪਣੇ ਮਹਿਲ ਵਿੱਚ ਰਾਜ ਜੋਤਸ਼ੀ ਨੂੰ ਆਉਣ ਦਾ ਸੱਦਾ ਦਿੰਦਾ ਹੈ ਤਾਂ ਜੋ ਉਹ ਬੱਚੀ ਦੇ ਮੱਥੇ ਦੀਆਂ ਲਕੀਰਾਂ ਨੂੰ ਪੜ੍ਹ ਕੇ ਉਸ ਦੇ ਰੌਸ਼ਨ ਭਵਿਖ ਬਾਰੇ ਦੱਸ ਸਕੇ।ਸ਼ਾਹੀ ਜੋਤਸ਼ੀ ਦੱਸਦਾ ਹੈ ਕਿ ਬੱਚੀ ਦੇ ਸਿਤਾਰੇ ਰਾਜੇ ਦੇ ਅਨੁਕੂਲ ਨਹੀ ਉਹ ਵੱਡੀ ਹੋ ਕੇ ਮਾਪਿਆ ਦੀ ਬਦਨਾਮੀ ਦਾ ਕਾਰਣ ਬਣੇਗੀ।ਬੱਚੀ ਨੂੰ ਦੂਰ ਰੱਖਿਆ ਜਾਣਾ ਚਾਹੀਦਾ ਤਾਂ ਜੋ ਰਾਜੇ ਤੇ ਬੁਰਾਈ ਦਾ ਅਸਰ ਘੱਟ ਜਾਵੇ।ਰਾਣੀ ਦੀਆਂ ਦੁਹਾਈਆਂ ਦੇ ਬਾਵਜੂਦ ਬੱਚੀ ਨੂੰ ਇੱਕ ਸੁੰਦਰ ਲੱਕੜੀ ਦੇ ਸੰਦੂਕ ਵਿੱਚ ਪਾ ਕੇ ਜਿਸ ਵਿੱਚ ਉਹ ਬਹੁਤ ਸਾਰੇ ਸੋਨੇ ਦੇ ਗਹਿਣੇ ਤੇ ਸਿੱਕੇ ਵੀ ਰੱਖ ਦਿੰਦੇ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ਦਰਿਆ ਵਿੱਚ ਰੋੜ ਦਿੱਤਾ ਜਾਂਦਾ।
ਲੱਕੜੀ ਦਾ ਸੰਦੂਕ ਰੁੜਦਾ ਜਾ ਰਿਹਾ ਜਿਸ ਵਿੱਚ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਦਰਿਆ ਤੇ ਕੱਪੜੇ ਧੋਂਦੇ ਧੋਬੀ ਉਸ ਨੂੰ ਕਿਨਾਰੇ ਤੇ ਲੈ ਆਉਂਦੇ।ਕਿਸਮਤ ਅੱਤਾ ਚੌਧਰੀ ਤੇ ਮਿਹਰਬਾਨ ਹੁੰਦੀ ਕਿਉਂਕਿ ਸੰਦੂਕ ਨੂੰ ਕਿਨਾਰੇ ਤੇ ਉਹ ਹੀ ਲੈ ਕੇ ਆਉਂਦਾ ਜਿਸ ਵਿੱਚ ਰੋਂਦੀ ਧੀ ਨੂੰ ਉਹ ਚੁੱਕ ਗੱਲ ਨਾਲ ਲਾ ਲੈਂਦਾ ਤੇ ਉਸ ਨੂੰ ਧੀ ਬਣਾ ਆਪਣੇ ਘਰ ਰੱਖ ਲੈਂਦਾ।ਅੱਤਾ ਚੌਧਰੀ ਆਪਣੀ ਧੀ ਨੂੰ ਬੜੇ ਲਾਡਾਂ ਚਾਂਵਾਂ ਨਾਲ ਪਾਲਦਾ।ਅੱਤਾ ਚੌਧਰੀ ਆਪਣੀ ਧੀ ਦਾ ਨਾਂ ਸੱਸੀ ਰੱਖਦਾ ਜੋ ਬੇਹੱਦ ਖੂਬਸੂਰਤ ਹੁੰਦੀ।ਵੱਡੀ ਹੋ ਸੱਸੀ (ਅਦਾਕਾਰਾ ਇੰਦਰਾ ਬਿੱਲੀ) ਹੋਰ ਵੀ ਹੁਸੀਨ ਹੋ ਜਾਂਦੀ ਉਸ ਦਾ ਹੁਸਨ ਲਾਜਵਾਬ ਹੁੰਦਾ ਜਿਸ ਦੇ ਬਰਾਬਰ ਧੋਬੀਆਂ ਦੇ ਕਬੀਲੇ ਵਿੱਚ ਹੋਰ ਕੋਈ ਕੁੜੀ ਇੰਨੀ ਸੋਹਣੀ ਨਾ ਹੁੰਦੀ।ਕਬੀਲੇ ਦਾ ਹੀ ਇੱਕ ਨੌਜਵਾਨ ਉਸਤਾਦ ਫੁੰਮਣ (ਅਦਾਕਾਰ ਮਜਨੂੰ) ਸੱਸੀ ਨਾਲ ਵਿਆਹ ਕਰਾਉਣ ਦੇ ਸੁਫ਼ਨੇ ਲੈ ਰਿਹਾ ਹੁੰਦਾ ਉਹ ਸੱਸੀ ਨੂੰ ਪਸੰਦ ਕਰਦਾ ।
ਓਧਰ ਸੱਸੀ ਕੇਚ ਦੇ ਸ਼ਹਿਜਾਦੇ ਬਲੋਚ ਪੁਨੂੰ ਦੀ ਕਿਸੇ ਮੁਸੱਵਰ ਕੋਲ ਤਸਵੀਰ ਦੇਖ ਲੈਂਦੀ ਹੈ ਤੇ ਮਨ ਹੀ ਮਨ ਉਸ ਨੂੰ ਦਿਲ ਦੇ ਬੈਠਦੀ ਹੈ।ਸਾਲ ਬਾਅਦ ਬਲੋਚ ਪੁਨੂੰ ਸੁਦਾਗਰ ਬਣ ਭੰਬੋਰ ਸ਼ਹਿਰ ਆਉਂਦਾ ਜਿੱਥੇ ਉਸ ਦਾ ਮੇਲ ਸੱਸੀ ਨਾਲ ਹੁੰਦਾ ਤੇ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹਨ ਲੱਗਦਾ।ਇਸ ਦੌਰਾਨ ਭੰਬੋਰ ਤੇ ਗੁਆਂਢੀ ਰਾਜਾ ਹਮਲਾ ਕਰ ਦਿੰਦਾ।ਸੱਸੀ ਤੇ ਪੁਨੂੰ ਵੀ ਫ਼ੌਜ਼ ਵਿੱਚ ਭਰਤੀ ਹੋ ਯੁੱਧ ਵਿੱਚ ਰਾਜੇ ਦਾ ਸਾਥ ਦਿੰਦੇ।ਰਾਜਾ ਯੁੱਧ ਜਿੱਤ ਜਾਂਦਾ ਜਿਸ ਲਈ ਉਹ ਆਪਣੀ ਸਾਰੀ ਪਰਜਾ ਦਾ ਸ਼ੁਕਰੀਆ ਅਦਾ ਕਰਨ ਉਹਨਾਂ ਕੋਲ ਜਾਂਦਾ।ਰਾਜਾ ਅੱਤਾ ਚੌਧਰੀ ਕੋਲ ਵੀ ਆਉਂਦਾ ਜਿੱਥੇ ਉਹ ਸੱਸੀ ਨੂੰ ਆਪਣੀ ਗੁਆਚੀ ਹੋਈ ਧੀ ਦੇ ਰੂਪ ਵਿੱਚ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦਾ, ਪਰ ਰਾਜੇ ਦਾ ਵਜ਼ੀਰ ਗਲਤਫ਼ਿਹਮੀ ਦਾ ਸ਼ਿਕਾਰ ਹੋ ਸੱਸੀ ਦੇ ਮਾਂ ਪਿਓ ਤੋਂ ਸੱਸੀ ਦਾ ਰਾਜੇ ਲਈ ਰਿਸ਼ਤਾ ਮੰਗ ਲੈਂਦਾ । ਨਾ ਚਾਹੁੰਦੇ ਹੋਏ ਵੀ ਸੱਸੀ ਦੇ ਮਾਂ ਬਾਪ ਝਿਜਕਦੇ ਰਾਜੇ ਨਾਲ ਸੱਸੀ ਦੇ ਵਿਆਹ ਦਾ ਪ੍ਰਸਤਾਵ ਮੰਨ ਜਾਂਦੇ ।ਉਹ ਸੱਸੀ ਦੀ ਮੰਗਣੀ ਲਈ ਰਾਜੇ ਨੂੰ ਉਹੋ ਅੰਗੂਠੀ ਭੇਜਦੇ ਜੋ ਉਹਨਾਂ ਨੂੰ ਸੱਸੀ ਦੇ ਸੰਦੂਕ ਵਿੱਚੋਂ ਮਿਲੀ ਹੁੰਦੀ।ਜਦੋਂ ਰਾਜੇ ਨੂੰ ਉਹ ਅੰਗੂਠੀ ਦਿੱਤੀ ਜਾਂਦੀ ਤਾਂ ਉਹ ਉਸ ਅੰਗੂਠੀ ਨੂੰ ਪਹਿਚਾਣ ਲੈਂਦਾ ਕਿ ਇਹ ਤਾਂ ਉਸ ਦੀ ਧੀ ਦੇ ਨਾਲ ਸੰਦੂਕ ਵਿੱਚ ਈ ਗਹਿਣਿਆਂ ਨਾਲ ਰੱਖੀ ਗਈ ਸੀ।ਰਾਜਾ ਅੱਤੇ ਨੂੰ ਫੜਨ ਦਾ ਹੁਕਮ ਦਿੰਦਾ ਤਾਂ ਜੋ ਉਸ ਨੂੰ ਆਪਣੀ ਗੁਆਚੀ ਹੋਈ ਧੀ ਮਿਲ ਸਕੇ।ਅੱਤੇ ਚੌਧਰੀ ਤੋਂ ਉਸ ਨੂੰ ਪਤਾ ਲੱਗਦਾ ਕਿ ਸੱਸੀ ਹੀ ਉਸ ਦੀ ਧੀ ਹੈ।ਰਾਜਾ ਬੜਾ ਪਛਤਾਵਾ ਕਰਦਾ ਤੇ ਤੁਰੰਤ ਹੀ ਸੱਸੀ ਅਤੇ ਪੁਨੂੰ ਨੂੰ ਲੱਭਣ ਦਾ ਹੁਕਮ ਦਿੰਦਾ ।ਸੈਨਿਕ ਦੋਵਾਂ ਨੂੰ ਲੱਭ ਕੇ ਰਾਜੇ ਦੇ ਸਾਹਮਣੇ ਪੇਸ਼ ਕਰਦੇ ।ਰਾਜਾ ਆਪਣੀ ਧੀ ਨੂੰ ਵੇਖ ਕੇ ਬੇਹੱਦ ਖੁਸ਼ ਹੁੰਦਾਂ । ਛੇਤੀ ਹੀ ਰਾਜੇ ਨੂੰ ਪਤਾ ਲੱਗਦਾ ਕਿ ਸੱਸੀ ਤੇ ਪੁਨੂੰ ਇੱਕ ਦੂਜੇ ਨੂੰ ਪਸੰਦ ਕਰਦੇ ਹਨ । ਰਾਜਾ ਦੋਵਾਂ ਦਾ ਵਿਆਹ ਕਰਨ ਦਾ ਫੈਸਲਾ ਕਰਦਾ ਜਿਸ ਬਾਰੇ ਜਦੋਂ ਫੁੰਮਨ ਨੂੰ ਪਤਾ ਲੱਗਦਾ ਤਾਂ ਉਹ ਇਹ ਸਾਰੀ ਗੱਲ ਬਲੋਚ ਪੁਨੂੰ ਦੇ ਪਿਓ ਨੂੰ ਕੇਚ ਜਾ ਕੇ ਦੱਸ ਦਿੰਦਾ।ਪੁਨੂੰ ਦੇ ਪਿਓ ਨੂੰ ਇਹ ਮੰਜੂਰ ਨਹੀ ਕਿ ਉਸ ਦੇ ਮੁੰਡੇ ਦਾ ਵਿਆਹ ਸੱਸੀ ਨਾਲ ਹੋਵੇ।ਉਹ ਆਪਣੇ ਤਿੰਨੇ ਪੁੱਤਰਾਂ ਨੂੰ ਹੁਕਮ ਦਿੰਦਾ ਕਿ ਉਹ ਪੁਨੂੰ ਨੂੰ ਕਿਸੇ ਵੀ ਤਰੀਕੇ ਨਾਲ ਉੱਥੇ ਲੈ ਆਉਣ।ਪਰ ਜਦੋਂ ਪੁਨੂੰ ਦੇ ਭਰਾ ਭੰਬੋਰ ਪਹੁੰਚਦੇ ਤਾਂ ਰਾਜਾ ਸੱਸੀ ਤੇ ਪੁਨੂੰ ਦਾ ਵਿਆਹ ਬੜੀ ਧੂਮਧਾਮ ਨਾਲ ਕਰ ਰਿਹਾ ਹੁੰਦਾ।ਵਿਆਹ ਵਾਲੀ ਰਾਤ ਪੁਨੂੰ ਦੇ ਭਰਾ ਪੁੰਨੂੰ ਨੂੰ ਉਹਨਾਂ ਵੱਲੋ ਵਿਆਹ ਦੀ ਖੁਸ਼ੀ ਵਿੱਚ ਰੱਖੇ ਜਸ਼ਨ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਘੱਲਦੇ ।ਜ਼ਸਨ ਵਿੱਚ ਉਹ ਪੁਨੂੰ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਉਂਦੇ ਤੇ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਬੇਸੁੱਧ ਕਰ ਅਗਵਾ ਕਰਕੇ ਆਪਣੇ ਨਾਲ ਕੇਚ ਮਕਰਾਨ ਲੈ ਕੇ ਜਾਣ ਲਈ ਤੁਰ ਪੈਂਦੇ।ਸੱਸੀ ਸ਼ਗਨਾਂ ਦੀ ਸਾਰੀ ਰਾਤ ਪੁਨੂੰ ਦਾ ਇੰਤਜ਼ਾਰ ਕਰਦੀ ਰਹਿੰਦੀ ਪਰ ਉਹ ਨਾ ਆਉਂਦਾ ਜਦੋਂ ਸਵੇਰੇ ਉਸ ਨੂੰ ਪਤਾ ਲੱਗਦਾ ਕਿ ਪੁਨੂੰ ਨੂੰ ਉਸਦੇ ਭਰਾ ਅਗਵਾ ਕਰਕੇ ਲੈ ਗਏ ਹਨ ਤਾਂ ਉਹ ਬਿਰਹਾ ਵਿੱਚ ਤੜਪ ਉੱਠਦੀ ਤੇ ਨੰਗੇ ਪੈਰੀ ਤਪਦੇ ਥਲਾਂ ਵਿੱਚ ਪੁਨੂੰ ਤੇ ਉਸ ਦੇ ਭਰਾਵਾਂ ਦੇ ਊਠਾਂ ਦੇ ਕਾਫ਼ਲੇ ਵੱਲ ਨੂੰ ਨੱਸ ਪੈਂਦੀ।ਪਿਆਸ ਗਰਮੀ ਤੇ ਤਪਦੀ ਰੇਤ ਨਾਲ ਸੱਸੀ ਹਾਲੋ ਬੇਹਾਲ ਹੋ ਜਾਂਦੀ ਤੇ ਅਖੀਰ ਉਹ ਪੁਨੂੰ ਨੂੰ ਮਿਲ ਉਸ ਦੀਆਂ ਬਾਹਾਂ ਵਿੱਚ ਹੀ ਦਮ ਤੋੜ ਦਿੰਦੀ ।ਪੁਨੂੰ ਵੀ ਸੱਸੀ ਦੇ ਵਿਜੋਗ ਵਿੱਚ ਉੱਥੇ ਹੀ ਪ੍ਰਾਨ ਤਿਆਗ ਦਿੰਦਾ।ਅਖੀਰ ਸੱਚੇ ਪ੍ਰੇਮੀ ਇੱਕ ਦੂਜੇ ਦੀਆਂ ਬਾਹਾਂ ਵਿੱਚ ਮੌਤ ਨੂੰ ਗੱਲ ਲਾ ਇੱਕਜੁੱਟ ਹੋ ਜਾਂਦੇ ।ਇਸ ਤਰ੍ਹਾਂ ਇਹ ਫ਼ਿਲਮ ਸਮਾਪਤ ਹੁੰਦੀ।
ਖੂਬਸੂਰਤ ਗੀਤ ਸੰਗੀਤ ਨਾਲ ਸਜੀ ਇਸ ਫ਼ਿਲਮ ਵਿੱਚ ਕੁੱਲ 14 ਗੀਤ ਸ਼ਾਮਿਲ ਕੀਤੇ ਗਏ।ਬੀ.ਐੱਲ.ਬਾਲੀ ਦੀਆਂ ਮਧੁਰ ਧੁਨਾ ਅਤੇ ਉਸ ਸਮੇਂ ਦੇ ਚੋਟੀ ਦੇ ਗਾਇਕ ਗਾਇਕਾਵਾਂ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਰਿਕਾਰਡ ਦਿਲ ਨੂੰ ਛੂ ਲੈਣ ਵਾਲੇ ਸ਼ਾਨਦਾਰ ਗੀਤਾਂ ਦਾ ਵੇਰਵਾ ਕੁਝ ਇੰਝ ਹੈ:-
1.ਡਾਚੀ ਵਾਲਿਆ ਮੋੜ ਮੁਹਾਰ ਵੇ (ਗਾਇਕਾ ਆਸ਼ਾ ਭੌਸਲੇ),2.ਸੱਧਰਾਂ ਦੇ ਸਿਹਰੇ ਦੀਆਂ ਕਲੀਆਂ (ਗਾਇਕ ਮਹਿੰਦਰ ਕਪੂਰ),3.ਪਾਲ ਪੋਸ ਕੇ ਧੀ ਨੂੰ ( ਗਾਇਕ ਮੁਹੰਮਦ ਰਫ਼ੀ),4.ਹੋ ਬੇਲੀਆ ਹੋ ਉੱਤੇ ਲੱਦਿਆ ਰੂਪ ਕੁਵਾਰਾ(ਗਾਇਕਾ ਆਸ਼ਾ ਭੌਸਲੇ),5.ਘੋੜੇ ਚੜ੍ਹ ਕੇ ਸੱਜਣ ਵੱਲ ਚੱਲੇ(ਗਾਇਕ ਮੁਹੰਮਦ ਰਫ਼ੀ),6.ਹੱਥ ਜੋੜਦੀ ਮੈਂ ਤੈਨੂੰ ਤਸਵੀਰੇ ਨੀ(ਗਾਇਕਾ ਆਸ਼ਾ ਭੌਸਲੇ),7.ਚੰਨ ਚੜ੍ਹਿਆ ਅੱਖਾਂ ਦੇ ਠੀਕਰੇ ਵਿੱਚ(ਗਾਇਕ ਮੁਹੰਮਦ ਰਫ਼ੀ),8.ਜਾਂਦੀ ਰਾਤ ਨੇ ਤਾਰੇ ਹੂੰਝੇ(ਗਾਇਕ ਮੁਹੰਮਦ ਰਫ਼ੀ),9ਵਿਛੜੇ ਯਾਰ ਮਿਲਾਕੇ ਮੰਨੀ ਰੱਬ ਨੇ(ਗਾਇਕ ਆਸ਼ਾ ਭੌਸਲੇ ਮਹਿੰਦਰ ਕਪੂਰ ਅਤੇ ਸਾਥੀ),10 ਅੱਖਾਂ ਦੇ ਵਿੱਚ ਅੱਲਾਹ ਤੇਰੀ ਖ਼ੈਰ ਹੋਵੇ(ਗਾਇਕ ਆਸ਼ਾ ਭੌਸਲੇ ਅਤੇ ਮਹਿੰਦਰ ਕਪੂਰ),11 ਗੱਜਦੇ ਨੇ ਲਾਲ ਬੱਦਲ(ਗਾਇਕ ਸੁਮਨ ਕਲਿਆਣਪੁਰ ,ਮਹਿੰਦਰ ਕਪੂਰ ਅਤੇ ਸਾਥੀ),12.ਜਗ ਸਾਰਾ ਤਾਹਨੇ ਮਾਰਦਾ(ਗਾਇਕ ਸੁਮਨ ਕਲਿਆਣਪੁਰ ਅਤੇ ਮਹਿੰਦਰ ਕਪੂਰ),13.ਦੁਹਾਈ ਬਾਦਸ਼ਾਹ ਤੇਰੀ(ਗਾਇਕ ਐੱਸ ਬਲਬੀਰ),14.ਮੌਤ ਦੇ ਹੱਥ ਵੇ ਰੱਬ ਰਾਖਾ(ਗਾਇਕ ਸੁਮਨ ਕਲਿਆਣਪੁਰ ਅਤੇ ਮਹਿੰਦਰ ਕਪੂਰ)।
ਲੇਖਕ :-ਅੰਗਰੇਜ ਸਿੰਘ ਵਿਰਦੀ # 9464628857