ਦੋਸਤੋ, ਸਰਦੀਆਂ ਸ਼ੁਰੂ ਹੁੰਦਿਆਂ ਹੀ ਜਿੱਥੇ ਘਰਾਂ ਵਿੱਚ ਮੋਟੇ ਕੱਪੜਿਆਂ , ਸਵੈਟਰਾਂ, ਰਜਾਈਆਂ ਦੀ ਗੱਲ ਤੁਰਦੀ ਹੈ ,ਉੱਥੇ ਸਰਦੀਆਂ ਵਿੱਚ ਖਾਈਆਂ ਜਾਣ ਵਾਲੀਆਂ ਪਿੰਨੀਆਂ ,ਤਿਲ ,ਛੁਹਾਰੇ, ਮੇਵਿਆਂ ,ਸੰਘਾਂੜਿਆ ਆਦਿ ਦੀ ਗੱਲ ਵੀ ਸ਼ੁਰੂ ਹੋ ਜਾਂਦੀ ਹੈ । ਘਰ ਦੀਆਂ ਸੁਆਣੀਆਂ ਇਸ ਮੌਕੇ ਅਨੇਕਾਂ ਤਰਾਂ ਦੇ ਪਕਵਾਨ ਬਣਾਉਂਦੀਆਂ ਹਨ ,ਜਿਹੜੇ ਸਰੀਰ ਨੂੰ ਗਰਮ ਰੱਖਣ ਦੇ ਨਾਲ ਨਾਲ ਸਿਹਤ ਲਈ ਲਾਭਦਾਇਕ ਹੁੰਦੇ ਹਨ ।
ਸਿਹਤ ਲਈ ਲਾਭਦਾਇਕ ਇਹਨਾਂ ਪਕਵਾਨਾਂ ਵਿੱਚੋਂ ਹੀ ਗੁੜ ਨਾਲ ਬਣਾਏ ਜਾਣ ਵਾਲੇ ਪਕਵਾਨ ਸ਼ਾਮਿਲ ਹਨ ,ਜਿਹੜੇ ਸਰੀਰ ਲਈ ਲਾਭਦਾਇਕ ਤਾਂ ਹਨ ਹੀ,ਸਰਦੀਆਂ ਵਿੱਚ ਹੋਣ ਵਾਲੀਆਂ ਕੁਝ ਸਧਾਰਣ ਬਿਮਾਰੀਆਂ ਦਾ ਘਰੇਲੂ ਉਪਚਾਰ ਵੀ ਹਨ ।
ਕਹਿੰਦੇ ਹਨ
‘ਮਾਂ ਧੀ ਜਿਹਾ ਕੋਈ ਡਿੱਠਾ ਨਹੀਂਓ
ਗੁੜ ਸ਼ੱਕਰ ਜਿਹਾ ਕੋਈ ਮਿੱਠਾ ਨਹੀਂਓਂ ।’
‘ਗੁੜ ਨਾਲੋਂ ਇਸ਼ਕ ਮਿੱਠਾ ,ਰੱਬਾ ਲੱਗ ਨਾ ਕਿਸੇ ਨੂੰ ਜਾਵੇ।’
ਆਦਿ ਕਈ ਅਖਾਣ ,ਬੋਲੀਆਂ ਗੀਤ ਗੁੜ ਦੀ ਮਹਿਮਾ ਦਾ ਗੁਣਗਾਨ ਕਰਦੇ ਸਾਡੀ ਸਭਿਆਚਾਰ ਵਿਰਾਸਤ ਦੇ ਸ਼ਿੰਗਾਰ ਬਣ ਗਏ ਹਨ।
ਜਿੱਥੇ ਗੁੜ ਆਪਣੇ ਆਪ ਵਿੱਚ ਇੱਕ ਸਵਾਦਿਸ਼ਟ ਖਾਣ ਪਦਾਰਥ ਹੈ ,ਉੱਥੇ ਆਪਣੇ ਅੰਦਰ ਅਨੇਕਾਂ ਔਸ਼ਧੀ ਗੁਣ ਰੱਖਦਾ ਹੋਣ ਕਾਰਨ ਸਿਹਤ ਪੱਖੋਂ ਵੀ ਗੁਣਕਾਰੀ ਹੈ ।
ਜੇ ਸਰਦੀਆਂ ਵਿੱਚ ਗੁੜ ਦੇ ਇਸਤੇਮਾਲ ਨਾਲ ਹੋਣ ਵਾਲੇ ਫਾਇਦਿਆਂ ਦੀ ਗੱਲ ਕਰੀਏ ਤਾਂ ਅਦਰਕ ਦੇ ਛੋਟੇ ਟੁਕੜੇ ਨਾਲ ਜਾਂ ਅਦਰਕ ਦੇ ਰਸ ਨੂੰ ਕੱਢ ਕੇ ਗੁੜ ਦੇ ਨਾਲ ਕੁਝ ਦਿਨ ਖਾਣ ਨਾਲ ਗਲਾ ਖਰਾਬ ,ਗਲੇ ਵਿੱਚ ਖਾਰਿਸ਼ ,ਹਲਕੀ ਖੰਘ ਆਦਿ ਦੂਰ ਹੋ ਜਾਂਦੇ ਹਨ।
ਗੁੜ ਨੂੰ ਸੁੱਕੇ ਅਦਰਕ ਜਿੰਨੂੰ ਸੁੰਡ ਕਿਹਾ ਜਾਂਦਾ ਹੈ ਦੇ ਨਾਲ ਖਾਣ ਨਾਲ ਪੇਟ ਦੀ ਬਦਹਜਮੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।
ਗੁੜ ਅਤੇ ਤਿਲ ਦੇ ਲੱਡੂ ਖਾਣ ਨਾਲ ਨਜ਼ਲਾ, ਜ਼ੁਕਾਮ ਆਦਿ ਠੀਕ ਹੁੰਦੇ ਹਨ ।
ਸਰਦੀਆਂ ਅਤੇ ਗਰਮੀਆਂ ਵਿੱਚ ਵੀ ਰੋਟੀ ਤੋਂ ਬਾਅਦ ਗੁੜ ਦਾ ਛੋਟਾ ਜਿਹਾ ਟੁਕੜਾ ਖਾਣ ਨਾਲ ਜਿੱਥੇ ਪੇਟ ਗੈਸ ਘੱਟ ਬਣਦੀ ਹੈ ,ਉੱਥੇ ਇੰਝ ਖਾਧਾ ਗੁੜ ਖੂਨ ਵਿਚਲਾ ਆਇਰਨ ਅਤੇ ਹੀਮੋਗਲੋਬਿਨ ਵਧਾ ਦਿੰਦਾ ਹੈ ।
ਗੁੜ ਦੇ ਜੀਰਾ ਭੁੰਨ ਕੇ ਖਾਣ ਨਾਲ ਭੁੱਖ ਦਾ ਘੱਟ ਲੱਗਨਾ ਠੀਕ ਹੋ ਜਾਂਦਾ ਹੈ ।
ਭੁੱਜੇ ਛੋਲਿਆਂ ਨਾਲ ਗੁੜ ਖਾਣ ਨਾਲ ਸਰੀਰ ਦੀ ਤਾਕਤ ਤਾਂ ਵਧਦੀ ਹੀ ਹੈ ,ਸਰੀਰ ਦੀ ਪ੍ਰੋਟੀਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ ।
ਅਦਰਕ ,ਤੁਲਸੀ ਦੇ ਪੱਤਿਆਂ ਦੇ ਨਾਲ ਥੋੜਾ ਗੁੜ ਮਿਲਾ ਕੇ ਚਾਹ ਬਣਾ ਕੇ ਪੀਣ ਨਾਲ ਇਮਉਨਿਟੀ ਵਿੱਚ ਇਜਾਫਾ ਹੁੰਦਾ ਹੈ ।
ਜਿੰਨਾਂ ਲੋਕਾਂ ਨੂੰ ਘੱਟ ਪੇਸ਼ਾਬ ਆਉਣ ਦੀ ਸਮੱਸਿਆ ਹੈ , ਥੋੜੀ ਮਾਤਰਾ ਵਿੱਚ ਗੁੜ ਦੇ ਸੇਵਨ ਨਾਲ ਇਹ ਸਮੱਸਿਆ ਵੀ ਦੂਰ ਹੋ ਜਾਂਦੀ ਹੈ ।
ਗੁੜ ਨੂੰ ਕਾਲੀ ਮਿਰਚ, ਪਿਪਲੀ ਅਤੇ ਸੁੰਡ ਨਾਲ ਮਿਲਾ ਕੇ ਖਾਣ ਨਾਲ ਸਰੀਰ ਦੀ ਰੋਗ ਪ੍ਰਤੀ ਰੋਧਕ ਤਾਕਤ ਵਧਦੀ ਹੈ ।
ਗੁੜ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਪ੍ਰੋਟੀਨ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਹੋਣ ਦੇ ਚਲਦਿਆਂ ਉਪਰੋਕਤ ਤੱਤਾਂ ਦੀ ਘਾਟ ਦੇ ਦੌਰਾਨ ਬਹੁਤ ਹੱਦ ਤੱਕ ਸਹਾਈ ਹੁੰਦਾ ਹੈ।
ਖੱਟੇ ਡਕਾਰ ਆਉਣ ਦੀ ਸੂਰਤ ਵਿੱਚ ਕਾਲੇ ਨਮਕ ਨਾਲ ਗੁੜ ਖਾਣ ਨਾਲ ਖੱਟੇ ਡਕਾਰ ਘਟ ਜਾਂਦੇ ਹਨ ।
ਪੁਰਾਣੇ ਗੁੜ ਨਾਲ ਤਿਆਰ ਤਿਲ ਦੀਆਂ ਰਿਉੜੀਆਂ ਖਾਣ ਨਾਲ ਬੱਚੇ ਬਿਸਤਰ ਤੇ ਪਿਸ਼ਾਬ ਕਰਨਾ ਘਟਾ ਦਿੰਦੇ ਹਨ।
ਜਿੱਥੇ ਗੁੜ ਦੇ ਅਨੇਕ ਫਾਇਦੇ ਹਨ ,ਉੱਥੇ ਕੁਝ ਨੁਕਸਾਨ ਵੀ ਹਨ ,ਮਸਲਨ ਬਵਾਸੀਰ ਦੇ ਮਰੀਜਾਂ ਨੂੰ ਗੁੜ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ।
ਅੱਜ ਇੰਨਾਂ ਹੀ, ਅਗਲੇ ਅੰਕ ਵਿੱਚ ਕਿਸੇ ਹੋਰ ਖਾਣ ਵਸਤ ਦੇ ਗੁਣਾਂ ਨਾਲ ਬਾਬਸਤਾ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ: